ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਖ਼ਤਮ ਹੋ ਚੁੱਕੀ ਹੈ। ਇਸ ਮੀਟਿੰਗ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ, ਕਿਉਂਕਿ ਸਿਆਸੀ ਗਲਿਆਰਿਆਂ ਵਿਚ ਅਕਾਲੀ ਦਲ ਅਤੇ ਭਾਜਪਾ ਦੀ ਮੁੜ ਤੋਂ ਗਲਵਕੜੀ ਪੈਣ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ। ਹਾਲਾਂਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਹਨਾਂ ਚਰਚਾਵਾਂ ਨੂੰ ਦਰਕਿਨਾਰ ਕਰਦਿਆਂ ਮੀਟਿੰਗ ਨੂੰ ਹਰ ਮਹੀਨੇ ਹੋਣ ਵਾਲੀ ਪਾਰਟੀ ਦੀ ਰਸਮੀ ਮੀਟਿੰਗ ਦੱਸਿਆ ਹੈ। ਸੁਖਬੀਰ ਬਾਦਲ ਨੇ ਆਖਿਆ ਕਿ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਹੋ ਸਕਦਾ ਹੈ ਇਸ ਦੀ ਚਰਚਾ ਸਿਰਫ਼ ਮੀਡੀਆ ਵਿਚ ਹੀ ਚੱਲ ਰਹੀ ਹੈ।
ਅਕਾਲੀ ਦਲ ਦੀ ਕੋਰ ਕਮੇਟੀ ਅਤੇ ਵੱਖ-ਵੱਖ ਅਹੁਦੇਦਾਰਾਂ ਦੀ ਮੀਟਿੰਗ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਕਿ ਭਾਜਪਾ ਨਾਲ ਅਜੇ ਸਮਝੌਤੇ ਦੀ ਕੋਈ ਸੰਭਾਵਨਾ ਨਹੀਂ ਹੈ। ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਭਾਜਪਾ ਨਾਲ ਗਠਜੋੜ ਬਾਰੇ ਕੋਈ ਏਜੰਡਾ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਮੀਡੀਆ ਕਿਸੇ ਵੀ ਅਣਅਧਿਕਾਰਿਤ ਸੂਤਰ ਦੀ ਜਾਣਕਾਰੀ ਦੇ ਆਧਾਰ ਉੱਤੇ ਕੋਈ ਖਬਰ ਨਾ ਚਲਾਓ।
ਸਰਕਾਰ ਦੀ ਖੋਲਾਂਗੇ ਪੋਲ: ਮੀਟਿੰਗ ਵਿੱਚ ਵੀ ਫੈਸਲਾ ਵੀ ਕੀਤਾ ਗਿਆ ਕਿ ਸਰਕਾਰ ਵੱਲੋਂ ਕੀਤੇ ਵਾਅਦਿਆਂ ਦੀ ਪੋਲ ਪਿੰਡਾਂ ਵਿੱਚ ਜਾ ਕੇ ਖੋਲੀ ਜਾਵੇਗੀ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਕੇ ਪੰਜਾਬ ਸਰਕਾਰ ਦੀਆਂ ਕਮਜੋਰੀਆਂ ਲੋਕਾਂ ਨੂੰ ਦੱਸਣਗੇ। ਪਾਰਲੀਮੈਂਟ ਚੋਣਾਂ ਨੂੰ ਲੈ ਕੇ ਵੀ ਚਰਚਾ ਹੋਈ ਹੈ।
ਯੂਨੀਫਾਰਮ ਸਿਵਲ ਕੋਡ ਉੱਤੇ ਚਰਚਾ : ਇਸ ਤੋਂ ਇਲਾਵਾ ਯੂਸੀਸੀ ਉਪਰ ਵੀ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਕਿ ਯੂਸੀਸੀ ਮੁੱਦੇ ਨੂੰ ਲੈ ਕੇ ਸਾਰੇ ਪੱਖ ਤੋਂ ਸਟਡੀ ਕਰਕੇ, ਬੁਧੀਜੀਵੀਆਂ ਨਾਲ ਤੇ ਕਾਨੂੰਨੀ ਮਾਹਿਰਾਂ ਨੂੰ ਲੈ ਕੇ ਰਾਏ ਕਰਾਂਗੇ ਅਤੇ ਪਾਰਟੀ ਵਲੋਂ ਅਪਣਾ ਪੱਖ ਸਾਹਮਣੇ ਲੈ ਕੇ ਰੱਖਾਂਗੇ।
ਸਰਕਾਰ ਵਲੋਂ ਸੋਧ ਕੀਤਾ ਬਿਲ ਰੱਦ : ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਵਲੋਂ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜੀ ਦੇ ਮਾਮਲੇ ਉੱਤੇ ਵੀ ਚਰਚਾ ਕੀਤੀ ਤੇ ਪੰਜਾਬ ਸਰਕਾਰ ਵਲੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (1925) ਵਿੱਚ ਜੋ ਸੋਧ ਕੀਤੀ ਹੈ ਇਸ ਨੂੰ ਮਤਾ ਪਾਸ ਕਰਕੇ ਰੱਦ ਕੀਤਾ ਹੈ, ਕਿਉਂਕਿ ਇਹ ਗੈਰ ਸੰਵਿਧਾਨਿਕ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਰਾਜਪਾਲ ਨਾਲ ਮਿਲ ਕੇ ਇਸ ਨੂੰ ਰੱਦ ਕਰਨ ਦੀ ਵੀ ਬੇਨਤੀ ਕੀਤੀ ਜਾਵੇਗੀ।
ਬਸਪਾ ਨਾਲ ਅਕਾਲੀ ਦਲ ਗੱਠਜੋੜ : ਸੁਖਬੀਰ ਬਾਦਲ ਨੇ ਤਮਾਮ ਚਰਚਾਵਾਂ ਨੂੰ ਗਲਤ ਦੱਸਦਿਆਂ ਆਖਿਆ ਹੈ ਕਿ ਅਕਾਲੀ ਦਲ ਬਸਪਾ ਨਾਲ ਗੱਠਜੋੜ 'ਚ ਹੈ ਤਾਂ ਫਿਰ ਭਾਜਪਾ ਨਾਲ ਗੱਠਜੋੜ ਕਿਵੇਂ ਹੋ ਸਕਦਾ ਹੈ ? ਹਾਲਾਂਕਿ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂਆਂ ਦੇ ਚਿਹਰੇ ਦੀ ਚਮਕ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਗੱਠਜੋੜ ਦੀ ਵਕਾਲਤ ਕੀਤੀ। ਲੰਘੇ ਦਿਨੀਂ ਹੋਈ ਮੀਟਿੰਗ ਵਿਚ ਜ਼ਿਆਦਾਤਰ ਅਕਾਲੀ ਆਗੂਆਂ ਨੇ ਅਕਾਲੀ ਭਾਜਪਾ ਗੱਠਜੋੜ ਦਾ ਸਮਰਥਨ ਕੀਤਾ ਸੀ। ਚਰਚਾਵਾਂ ਹਨ ਕਿ ਸੁਖਬੀਰ ਬਾਦਲ ਹਰ ਪਾਰਟੀ ਵਰਕਰ ਨਾਲ ਇਸ ਬਾਰੇ ਵਿਚਾਰ ਚਰਚਾ ਕਰ ਰਹੇ ਹਨ। ਗੱਲ ਤਾਂ ਇਹ ਵੀ ਸਾਹਮਣੇ ਆ ਰਹੀ ਹੈ ਕਿ ਦੋਵਾਂ ਵਿਚ 8 ਅਤੇ 5 ਸੀਟਾਂ 'ਤੇ ਸਮਝੌਤਾ ਹੋਇਆ ਜੋ ਕਿ ਗੱਠਜੋੜ ਟੁੱਟਣ ਤੋਂ ਪਹਿਲਾਂ 10 ਅਤੇ 3 ਦਾ ਸੀ। ਸੂਤਰਾਂ ਦੀ ਮੰਨੀਏ ਤਾਂ ਹਰਸਿਮਰਤ ਕੌਰ ਬਾਦਲ ਨੂੰ ਮੁੜ ਤੋਂ ਕੇਂਦਰੀ ਮੰਤਰੀ ਦੀ ਕੁਰਸੀ 'ਤੇ ਬਿਠਾਇਆ ਜਾ ਸਕਦਾ ਹੈ। ਇਹ ਸਾਰੀਆਂ ਚਰਚਾਵਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਜੇਕਰ ਅੱਗ ਲੱਗੀ ਹੈ ਤਾਂ ਹੀ ਧੂੰਆ ਉੱਠ ਰਿਹਾ ਹੈ।
- SAD BJP Alliance: ਅਕਾਲੀ-ਭਾਜਪਾ ਗਠਜੋੜ ਦਾ ਹੋ ਸਕਦਾ ਐਲਾਨ, ਜ਼ਿਲ੍ਹਾ ਪ੍ਰਧਾਨਾਂ ਦੀ ਸਹਿਮਤੀ ਲਈ ਬੈਠਕ ਕਰਨਗੇ ਸੁਖਬੀਰ ਬਾਦਲ
- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ
- ਕੀ ਸੱਚੀ ਹੋਈ ਖਾਲਿਸਤਾਨੀ ਗੁਰਪਤਵੰਤ ਪੰਨੂ ਦੀ ਮੌਤ ?, ਜਾਣੋ ਮੌਤ ਸਬੰਧੀ ਚੱਲ ਰਹੀਆਂ ਅਫ਼ਵਾਹਾਂ ਦੀ ਅਸਲ ਸਚਾਈ
ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਗੱਠਜੋੜ ਦੀ ਚਰਚਾ ਹੋਈ ਸ਼ੁਰੂ : ਦੱਸ ਦਈਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਅਕਾਲੀ ਭਾਜਪਾ ਦੇ ਮੁੜ ਤੋਂ ਗੱਠਜੋੜ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਸੀ। ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਪ੍ਰਧਾਨ ਮੰਤਰੀ ਮੋਦੀ ਖੁਦ ਚੰਡੀਗੜ੍ਹ ਪਾਰਟੀ ਦੇ ਮੁੱਖ ਦਫ਼ਤਰ ਪਹੁੰਚੇ ਸਨ। ਬਾਦਲ ਦੇ ਭੋਗ ਸਮਾਗਮ 'ਤੇ ਭਾਜਪਾ ਦੇ ਸੀਨੀਅਰ ਆਗੂਆਂ ਦੀ ਸ਼ਮੂਲੀਅਤ ਨੇ ਇਹ ਚਰਚਾਵਾਂ ਹੋਰ ਵੀ ਤੇਜ਼ ਕਰ ਦਿੱਤੀਆਂ। ਜਲੰਧਰ ਜ਼ਿਮਨੀ ਚੋਣ ਨਤੀਜਿਆਂ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਆਪੋ- ਆਪਣਾ ਮੰਥਨ ਵੀ ਕੀਤਾ ਸੀ। ਪਾਰਟੀ ਦੇ ਨੇੜਲੇ ਸੂਤਰ ਦੱਸਦੇ ਹਨ ਕਿ ਦੋਵਾਂ ਵਿਚ ਗੱਠਜੋੜ ਨੂੰ ਲੈ ਕੇ ਕਈ ਤਰ੍ਹਾਂ ਦੇ ਸਮਝੌਤੇ ਹੋ ਰਹੇ ਹਨ।