ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੋਈ ਸਾਂਝਾ ਸਮਾਰੋਹ ਕਰਨ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਪੰਜਾਬ ਸਰਕਾਰ ਵਿਚਾਲੇ ਹਾਲੇ ਤੱਕ ਕੋਈ ਸਹਿਮਤੀ ਕਾਇਮ ਨਹੀਂ ਹੋ ਸਕੀ। ਦੋਵੇਂ ਧਿਰਾਂ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ। ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਿਛਲੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਤਰਫ਼ੋਂ ਦੋਵੇਂ ਧਿਰਾਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ’ਚ ਹਾਜ਼ਰ ਹੋਏ ਸਨ।
ਦੱਸਣਯੋਗ ਹੈ ਕਿ ਉਸ ਮੀਟਿੰਗ ਤੋਂ ਬਾਅਦ ਰੰਧਾਵਾ ਨੇ SGPC ਪ੍ਰਤੀ ਆਪਣੇ ਕੁਝ ਇਤਰਾਜ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੇ ਸਨ। ਉਨ੍ਹਾਂ ਨੇ ਉਹ ਇਤਰਾਜ਼ ਅੱਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪ ਦਿੱਤੇ ਸਨ, 'ਤੇ ਉਨ੍ਹਾਂ ਉੱਤੇ ਵਿਚਾਰਾ ਕਰਨ ਲਈ ਆਖਿਆ ਸੀ।
ਇਸ ਮਾਮਲੇ ਬਾਰੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਗੱਲਬਾਤ ਦਾ ਨਤੀਜਾ ਭਾਵੇਂ ਕੋਈ ਵੀ ਨਿੱਕਲੇ, ਸਾਨੂੰ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਮੁੱਚੀ ਸਿੱਖ ਕੌਮ ਦੀ ਨੁਮਾਇੰਦਗੀ ਕਰਦਾ ਹੈ, 'ਤੇ ਕੌਮ ਇਹੋ ਚਾਹੁੰਦੀ ਹੈ ਕਿ ਇਹ ਸਮਾਰੋਹ ਬਿਨ੍ਹਾਂ ਕਿਸੇ ਵਿਤਕਰੇ, ਧੜਬੰਦੀ ਤੇ ਸਿਆਸੀ ਮਤਭੇਦਾਂ ਨੂੰ ਭੁਲਾਉਂਦਿਆਂ ਮਿਲਜੁਲ ਕੇ ਹੀ ਮਨਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋਂ: ਪੀਯੂਸ਼ ਗੋਇਲ ਨੇ 'ਸਰਬੱਤ ਦਾ ਭਲਾ ਐਕਸਪ੍ਰੈਸ' ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ
ਦੂਜੇ ਪਾਸੇ ਜੱਥੇਦਾਰ ਦਾ ਕਹਿਣਾ ਹੈ ਕਿ ‘ਅਸੀਂ ਇੱਕ ਕਮੇਟੀ ਕਾਇਮ ਕੀਤੀ ਹੈ। ਪੰਜਾਬ ਸਰਕਾਰ ਤੇ SGPC ਦੋਵੇਂ ਧਿਰਾਂ ਨੂੰ ਆਪਣੇ ਇਤਰਾਜ਼ ਇਸ ਕਮੇਟੀ ਵਿੱਚ ਰੱਖਣੇ ਚਾਹੀਦੇ ਹਨ, 'ਤੇ ਉਨ੍ਹਾਂ ਉੱਤੇ ਵਿਚਾਰ–ਵਟਾਂਦਰਾ ਹੋਣਾ ਚਾਹੀਦਾ ਹੈ, ਤਾਂ ਜੋ ਕਈ ਆਮ ਸਹਿਮਤੀ ਕਾਇਮ ਹੋ ਸਕੇ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ‘ਜੇ ਕਿਸੇ ਦੇ ਮਨ ’ਚ ਕੋਈ ਗਿਲਾ–ਸ਼ਿਕਵਾ ਹੈ, ਤਾਂ ਉਹ ਜ਼ਰੂਰ ਦੂਰ ਕੀਤਾ ਜਾਣਾ ਚਾਹੀਦਾ ਹੈ। ਜੇ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਵੀ ਕੋਈ ਹੱਲ ਨਹੀਂ ਨਿੱਕਲਦਾ, ਤਾਂ ਲੋੜ ਪੈਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਹਰ ਸ਼ਿਕਾਇਤ ਦੂਰ ਕੀਤੀ ਜਾਵੇਗੀ। ਪਰ ਅਸੀਂ ਗੱਲਬਾਤ ਰਾਹੀਂ ਨਿੱਕਲਣ ਵਾਲੇ ਕਿਸੇ ਸੰਭਾਵੀ ਹੱਲ ਪ੍ਰਤੀ ਆਸਵੰਦ ਹਾਂ।