ਚੰਡੀਗੜ੍ਹ: ਚੀਨ ਦੇ ਸ਼ਹਿਰ ਚੇਂਗਦੂ ਵਿਖੇ ਹੋਈਆਂ ਵਿਸ਼ਵ ਪੁਲਿਸ ਅਤੇ ਫਾਇਰ (ਡਬਲਿਊ.ਪੀ.ਐਫ.ਜੀ.) ਖੇਡਾਂ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਏਆਈਜੀ ਅਸ਼ੀਸ਼ ਕਪੂਰ ਨੇ ਟੈਨਿਸ ਮੁਕਾਬਲਿਆਂ ਵਿੱਚ 2 ਸੋਨ ਤਮਗੇ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਅਸ਼ੀਸ਼ ਨੇ ਟੈਨਿਸ ਦੇ ਸਿੰਗਲਜ਼ ਅਤੇ ਡਬਲਜ਼ ਵਰਗ ਵਿੱਚ ਆਪਣੇ ਵਿਰੋਧੀਆਂ ਨੂੰ ਅਸਾਨੀ ਨਾਲ ਹਰਾ ਕੇ ਸੋਨੇ ਦੇ ਤਮਗੇ ਜਿੱਤਣ ਵਿੱਚ ਕਾਮਯਾਬ ਹੋਏ।
ਡਬਲਿਊਪੀਐਫਜੀ ਹਰ ਦੋ ਸਾਲ ਬਾਅਦ ਹੁੰਦੀਆਂ ਹਨ ਜਿਸ ਵਿੱਚ ਦੁਨੀਆਂ ਭਰ ਦੇ ਪੁਲਿਸ ਅਤੇ ਫਾਇਰ ਵਿਭਾਗਾਂ ਦੇ ਅਧਿਕਾਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਇਹ ਖੇਡ ਮੁਕਾਬਲੇ ਇੱਕ ਤਰ੍ਹਾਂ ਦੇ ਮਿੰਨੀ ਉਲੰਪਿਕ ਹੁੰਦੇ ਹਨ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਏਆਈਜੀ ਕਪੂਰ ਨੇ ਉਕਤ ਖੇਡਾਂ ਵਿੱਚ ਲਗਾਤਾਰ ਚੌਥੀ ਵਾਰ ਸੋਨ ਤਮਗੇ ਜਿੱਤ ਕੇ ਦੇਸ਼ ਅਤੇ ਪੰਜਾਬ ਪੁਲਿਸ ਦਾ ਨਾਂਅ ਰੌਸ਼ਨ ਕੀਤਾ ਹੈ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏਆਈਜੀ ਅਸ਼ੀਸ਼ ਕਪੂਰ ਨੂੰ ਟਵੀਟ ਕਰ ਇਸ ਖਾਸ ਉਪਲੱਬਦੀ ਲਈ ਵਧਾਈ ਦਿੱਤੀ।
ਅਸ਼ੀਸ ਕਪੂਰ ਪਿਛਲੇ 15 ਸਾਲਾਂ ਤੋਂ ਟੈਨਿਸ ਸਿੰਗਲਜ਼ ਵਿੱਚ ਆਲ ਇੰਡੀਆ ਪੁਲਿਸ ਖੇਡਾਂ ਦੇ ਚੈਂਪੀਅਨ ਅਤੇ ਬੇਹਤਰੀਨ ਰੈਂਕਿੰਗ ਵਾਲੇ ਖਿਡਾਰੀ ਹਨ। ਜ਼ਿਕਰਯੋਗ ਹੈ ਕਿ ਇਸੇ ਖੇਡਾਂ ਵਿੱਚ ਬਠਿੰਡਾ ਦੀ ਓਲੰਪੀਅਨ ਅਤੇ ਨਿਸ਼ਾਨੇਬਾਜ ਡੀ.ਐਸ.ਪੀ. ਅਵਨੀਤ ਸਿੱਧੂ ਨੇ ਨਿਸ਼ਾਨੇਬਾਜ਼ੀ ਦੇ ਵੱਖ-ਵੱਖ ਮੁਕਾਬਲਿਆਂ ਵਿੱਚ 1 ਸੋਨੇ ਦਾ, 1 ਚਾਂਦੀ ਅਤੇ 2 ਕਾਂਸੀ ਦੇ ਤਮਗੇ ਜਿੱਤੇ।