ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਇਜਲਾਸ ਦੇ ਆਖ਼ਰੀ ਦਿਨ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਭਵਨ ਵਿਖੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਨਾਲ ਚਾਹ 'ਤੇ ਚਰਚਾ ਕੀਤੀ। ਬੀਤੇ ਕੱਲ੍ਹ ਸ਼ਾਮ ਚੰਡੀਗੜ੍ਹ ਪਹੁੰਚਦਿਆਂ ਹੀ ਮਟਕਾ ਚੌਕ ਵਿਖੇ ਕਿਸਾਨਾਂ ਦੀ ਹਮਾਇਤ 'ਚ ਧਰਨਾ ਦੇ ਰਹੇ ਲੋਕਾਂ ਨੂੰ ਜਿੱਥੇ ਹਰੀਸ਼ ਰਾਵਤ ਮਿਲਣ ਪਹੁੰਚੇ ਤਾਂ ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਸੀ।
ਲਗਾਤਾਰ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਤੋਂ ਖ਼ਫ਼ਾ ਨਜ਼ਰ ਆ ਰਹੇ ਸਨ ਅਤੇ ਮੀਡੀਆ ਤੋਂ ਵੀ ਦੂਰੀ ਬਣਾਈ ਹੋਈ ਸੀ ਪਰ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਭਵਨ ਵਿਖੇ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਵਾਰਤਾ ਕੀਤੀ ਤਾਂ ਉਥੇ ਹੀ ਵਿਧਾਨ ਸਭਾ 'ਚ ਆਵਾਜ਼ ਚੁੱਕਦੇ ਵੀ ਨਜ਼ਰ ਆ ਰਹੇ ਹਨ। ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਜਲਦ ਹੀ ਹਾਈ ਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਲਈ ਕੋਈ ਵੱਡਾ ਫੈਸਲਾ ਆ ਸਕਦਾ ਹੈ।
ਇਸ ਦੇ ਨਾਲ ਹੀ ਬੀਤੀ ਰਾਤ ਮੀਡੀਆ ਨਾਲ ਗੱਲਬਾਤ ਤੋਂ ਬਾਅਦ ਹਰੀਸ਼ ਰਾਵਤ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਡਿਨਰ ਤੇ ਡਿਪਲੋਮੇਸੀ ਵੀ ਕੀਤੀ ਗਈ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਵੀ ਬਣਾਈ ਗਈ ਹੈ। ਇਸ ਤੋਂ ਪਹਿਲਾਂ ਹਰੀਸ਼ ਰਾਵਤ ਵੀ ਕਹਿੰਦੇ ਨਜ਼ਰ ਆਏ ਸਨ ਕਿ ਜਿੰਨਾ ਜ਼ਿਆਦਾ ਸਮਾਂ ਮੰਥਨ ਨੂੰ ਲੱਗਦਾ ਹੈ, ਉਨ੍ਹਾਂ ਹੀ ਵੱਡਾ ਅਹੁਦਾ ਪਾਰਟੀ ਵੱਲੋਂ ਦਿੱਤਾ ਜਾਂਦਾ ਹੈ ਤੇ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੀ ਪਾਰਟੀ ਦੇ ਸਟਾਰ ਹਨ। ਹਾਲਾਂਕਿ ਈਟੀਵੀ ਭਾਰਤ ਵੱਲੋਂ ਜਦੋਂ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਤੇ ਹਰੀਸ਼ ਰਾਵਤ ਨੇ ਥੋੜ੍ਹੀ ਦੇਰ ਬਾਅਦ ਤਫ਼ਸੀਲ ਨਾਲ ਗੱਲਬਾਤ ਕਰਨ ਦੀ ਗੱਲ ਆਖੀ।
ਇਹ ਵੀ ਪੜ੍ਹੋ:'ਆਪ' ਦੇ ਵਿਧਾਇਕ ਕੈਪਟਨ ਦੇ 'ਝੂਠਾਂ ਦੀ ਪੰਡ' ਚੁੱਕ ਕੇ ਪਹੁੰਚੇ ਵਿਧਾਨਸਭਾ