ਚੰਡੀਗੜ੍ਹ: ਯੂਟੀ ਪ੍ਰਸ਼ਾਸਨ ਨੇ ਦੱਖਣੀ ਮਾਰਗ, ਚੰਡੀਗੜ੍ਹ ਨੂੰ ਯੂਟੀ-ਪੰਜਾਬ ਸੀਮਾ ਦੇ ਮੁੱਲਾਂਪੁਰ ਵਾਲੇ ਪਾਸੇ ਪੀਆਰ 4 (ਮੁੱਖ ਸੜਕ) ਨਾਲ ਜੋੜਨ ਲਈ ਕੁੱਲ 17.76 ਏਕੜ ਜ਼ਮੀਨ ਐਕੁਆਇਰ ਕਰਨ ਲਈ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਯੂਟੀ ਪ੍ਰਸ਼ਾਸਨ ਨੇ ਤੋਗਾ ਸਾਰੰਗਪੁਰ ਲਿੰਕ ਰੋਡ ਬਣਾਉਣ ਦੇ ਲਈ ਧਨਾਸ ਤੇ ਡੱਡੂਮਾਜਰਾ ਦੇ ਲਈ 110 ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਸੀ। ਇਸ ਤੋਂ ਬਾਅਦ ਜ਼ਮੀਨ ਪ੍ਰਾਪਤੀ ਵਿਭਾਗ ਨੇ ਕਿਸਾਨਾਂ ਨੂੰ ਮਿਲਣ ਵਾਲੇ ਮੁਆਵਜ਼ੇ ਦਾ ਐਲਾਨ ਕਰਨਾ ਸੀ ਜਿਸ ਲਈ ਕਿਸਾਨ ਵਿਭਾਗ ਦਫ਼ਤਰ ਦੇ ਅਧਿਕਾਰੀ ਨੂੰ ਬੁਲਾਇਆ ਗਿਆ ਸੀ ਪਰ ਕੋਰਟ ਦੀ ਸੁਣਵਾਈ ਹੋਣ ਦੇ ਚੱਲਦੇ ਇਸ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇਸੇ ਹਫਤੇ ਦੇ ਵਿੱਚ ਮੁਆਵਜ਼ੇ ਦੀ ਪ੍ਰਕਿਰਿਆ ਪੂਰੀ ਕਰ ਦਿੱਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਧਨਾਸ ਅਤੇ ਡੱਡੂ ਮਾਜਰਾ ਦੇ ਸਰਪੰਚ ਕੁਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਜ਼ਮੀਨ ਪ੍ਰਾਪਤੀ ਵਿਭਾਗ ਨੇ ਮੁਆਵਜ਼ੇ ਦਾ ਐਲਾਨ ਤਾਂ ਕਰ ਦਿੱਤਾ ਪਰ ਕਿਸਾਨ ਇਸ ਤੋਂ ਸੰਤੁਸ਼ਟ ਨਹੀਂ ਹਨ। ਇਹੀ ਕਾਰਨ ਹੈ ਕਿ ਉਹ ਆਪਣੀ ਇਸ ਮੁਸ਼ਕਿਲ ਨੂੰ ਚੰਡੀਗੜ੍ਹ ਪ੍ਰਸ਼ਾਸਨ ਕੋਲ ਰੱਖਣਗੇ। ਉਨ੍ਹਾਂ ਕਿਹਾ ਕਿ ਜ਼ਮੀਨ ਲਈ ਜਿਹੜਾ ਮੁਆਵਜ਼ਾ ਮਿਲ ਰਿਹਾ ਹੈ ਉਹ ਸਹੀ ਨਹੀਂ ਹੈ, ਉਸ ਵਿੱਚ ਕਾਫ਼ੀ ਫਰਕ ਹੈ। ਇਸ ਦੇ ਲਈ ਉਹ ਆਪਣੇ ਹੱਕ ਦੀ ਲੜਾਈ ਜ਼ਰੂਰ ਲੜਨਗੇ।