ਚੰਡੀਗੜ੍ਹ: ਪੰਜਾਬ ਦੇ ਜਲੰਧਰ ਨਾਲ ਸਬੰਧਤ 200 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਨਾ ਰਾਜਾ ਕੰਦੋਲਾ ਨੂੰ ਅੱਜ ਅਦਾਲਤ ਨੇ ਬਰੀ ਕਰ ਦਿੱਤਾ ਹੈ। ਪੁਲਿਸ ਅਦਾਲਤ ਵਿੱਚ ਸਬੰਧਤ ਕੇਸ ਵਿੱਚ ਦੋਸ਼ਾਂ ਦੇ ਆਧਾਰ ’ਤੇ ਸਬੂਤ ਪੇਸ਼ ਨਹੀਂ ਕਰ ਸਕੀ। ਜਿਸ ਕਾਰਨ ਅਦਾਲਤ ਨੇ ਕੰਦੋਲਾ ਨੂੰ ਬਰੀ ਕਰ ਦਿੱਤਾ। ਰਾਜਾ ਕੰਦੋਲਾ ਖ਼ਿਲਾਫ਼ 2012 ਵਿੱਚ ਨਸ਼ਾ ਤਸਕਰੀ ਦੀ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਵਿੱਚ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਕਤ ਡਰੱਗ ਰੈਕੇਟ ਦੀ ਕੀਮਤ 200 ਕਰੋੜ ਰੁਪਏ ਤੋਂ ਵੱਧ ਹੈ। ਦੱਸ ਦੇਈਏ ਕਿ ਰਾਜਾ ਕੰਦੋਲਾ ਮੂਲ ਰੂਪ ਤੋਂ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ।
10 ਸਾਲ ਤੋਂ ਵੱਧ ਸਜ਼ਾ ਕੱਟ ਚੁੱਕਿਆ ਕੰਦੋਲਾ: ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 11 ਸਾਲ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦਿੱਲੀ ਦੇ ਸਬਜ਼ੀ ਮੰਡੀ ਸਟੇਸ਼ਨ ਤੋਂ ਫ਼ਰਾਰ ਹੋਏ ਰਣਜੀਤ ਸਿੰਘ ਉਰਫ਼ ਰਾਜਾ ਕੰਦੋਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਜਲੰਧਰ ਪੁਲਿਸ ਨੇ ਦਿੱਲੀ ਪੁਲਿਸ ਨਾਲ ਇਨਪੁਟ ਸਾਂਝੇ ਕੀਤੇ ਸਨ। ਇਸ ਮਾਮਲੇ ਵਿੱਚ ਰਾਜਾ ਕੰਦੋਲਾ ਦੇ ਡਰਾਈਵਰ ਸੁਖਜਿੰਦਰ ਸਿੰਘ ਉਰਫ਼ ਕਮਾਂਡੋ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ ਵੀ ਬਰੀ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਕਿ ਇਸ ਮਾਮਲੇ 'ਚ ਰਾਜਾ ਕੰਦੋਲਾ 10 ਸਾਲ ਤੋਂ ਵੱਧ ਦੀ ਸਜ਼ਾ ਕੱਟ ਚੁੱਕਿਆ।
ਦਿੱਲੀ ਤੋਂ ਹੋਈ ਸੀ ਕੰਦੋਲਾ ਦੀ ਗ੍ਰਿਫਤਾਰੀ: ਦੱਸ ਦਈਏ ਕਿ 1 ਜੂਨ 2012 ਨੂੰ ਦਿਹਾਤੀ ਪੁਲਿਸ ਨੇ ਰਾਜਾ ਦੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਨੇ ਬੰਗਾ ਦੇ ਪਿੰਡ ਹੈਪੋਵਾਲ ਦੇ ਰਹਿਣ ਵਾਲੇ ਰਣਜੀਤ ਸਿੰਘ ਕੰਦੋਲਾ ਦੀ ਪਤਨੀ ਰਾਜਵੰਤ ਕੌਰ, ਪੁੱਤਰ ਬੈਲੀ ਸਿੰਘ ਸਮੇਤ 19 ਵਿਅਕਤੀਆਂ ਨੂੰ ਫੜਿਆ ਸੀ ਪਰ ਰਾਜਾ ਫੜਿਆ ਨਹੀਂ ਗਿਆ ਸੀ। ਜਿਸ 'ਚ 14 ਅਗਸਤ 2012 ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਾਜਾ ਨੂੰ ਲੋਧੀ ਰੋਡ ਤੋਂ ਗ੍ਰਿਫ਼ਤਾਰ ਕੀਤਾ ਸੀ।
- Bollworm Attack on Crop: ਨਰਮੇ ਤੋਂ ਬਾਅਦ ਹੁਣ ਕਣਕ ਦੀ ਫ਼ਸਲ ’ਤੇ ਸੁੰਡੀ ਦੀ ਮਾਰ, ਕਿਸਾਨਾਂ ਨੇ ਸੁਣਾਏ ਦੁੱਖੜੇ
- ਲੁਧਿਆਣਾ ਪੱਛਮੀ ਤੋਂ ਵਿਧਾਇਕ ਗੋਗੀ ਦੀ ਸਬਜ਼ੀ ਮੰਡੀ 'ਚ ਰੇਡ, ਰੇਹੜੀ ਵਾਲਿਆਂ ਤੋਂ ਗੈਰਕਾਨੂੰਨੀ ਵਸੂਲੀ ਦੀਆਂ ਮਿਲੀਆਂ ਸੀ ਸ਼ਿਕਾਇਤਾਂ
- Amritsar Police Encounter: ਜੰਡਿਆਲਾ ਗੁਰੂ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, ਗੈਂਗਸਟਰ ਅਮਰੀ ਦੀ ਮੌਤ, ਇੱਕ ਪੁਲਿਸ ਅਧਿਕਾਰੀ ਜ਼ਖਮੀ
ਰਾਜਾ ਕੰਦੋਲਾ ਦੀ ਪਤਨੀ ਤੇ ਪੁੱਤ ਵੀ ਕੀਤਾ ਸੀ ਕਾਬੂ: ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕੇਟ ਦੇ ਸਰਗਨਾ ਵਜੋਂ ਜਾਣੇ ਜਾਂਦੇ ਰਣਜੀਤ ਸਿੰਘ ਉਰਫ਼ ਰਾਜਾ ਕੰਦੋਲਾ ਦੀ ਪਤਨੀ ਰਾਜਵੰਤ ਕੌਰ ਵੀ ਉਸ ਦੇ ਰੈਕੇਟ ਵਿੱਚ ਸ਼ਾਮਲ ਰਹੀ ਦੱਸੀ ਜਾਂਦੀ ਹੈ। ਪੰਜਾਬ ਪੁਲਿਸ ਨੇ ਰਾਜਵੰਤ ਕੌਰ ਖ਼ਿਲਾਫ਼ ਐਨਡੀਪੀਐਸ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਕੇਸ ਵੀ ਦਰਜ ਕੀਤਾ ਸੀ। ਰਾਜਵੰਤ ਦੇ ਬੈਂਕ ਖਾਤਿਆਂ ਤੋਂ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਸੀ, ਜਿਸ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਨਹੀਂ ਦਿੱਤੀ ਗਈ ਸੀ। ਰਾਜਵੰਤ ਯੂਨਾਨ ਅੰਬੈਸੀ ਵਿੱਚ ਵੀਜ਼ਾ ਅਫਸਰ ਵਜੋਂ ਕੰਮ ਕਰ ਚੁੱਕੀ ਹੈ। ਇਨਕਮ ਟੈਕਸ ਵਿਭਾਗ ਨੇ 24 ਜੂਨ 2015 ਨੂੰ ਈਡੀ ਨੂੰ ਭੇਜੇ ਇੱਕ ਪੱਤਰ ਵਿੱਚ ਦੱਸਿਆ ਸੀ ਕਿ ਰਾਜਵੰਤ ਕੌਰ ਵਿਰਕ ਨੇ ਕੋਈ ਇਨਕਮ ਟੈਕਸ ਰਿਟਰਨ ਨਹੀਂ ਭਰੀ ਹੈ। ਉਸ ਨੇ ਨਸ਼ਾ ਤਸਕਰੀ ਰਾਹੀਂ ਜੁਰਮ ਦੀ ਕਮਾਈ ਨਾਲ ਸਾਰੀਆਂ ਅਚੱਲ ਜਾਇਦਾਦਾਂ ਖਰੀਦੀਆਂ ਹਨ।