ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ, ਕਿ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਇਕ ਪਾਸੇ ਪੂਰੇ ਸਿੱਖ ਜਗਤ ਸਹਿਤ ਪੂਰੀ ਦੁਨੀਆ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਉਨ੍ਹਾਂ ਦੇ ਫਲਸਫੇ ਨੂੰ ਸਮਰਪਿਤ ਪ੍ਰੋਗਰਾਮਾ ਨੂੰ ਆਯੋਜਿਤ ਕਰਨ 'ਚ ਰੁਝੀ ਹੋਈ ਹੈ। ਜਦਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਇਸ ਪਵਿਤਰ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਵਾਂ ਨਾਲ ਜੁੜੇ ਦਿਹਾੜੇ ਦਾ ਮਜ਼ਾਕ ਬਣਾ ਰੱਖਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਆਪਣੀ ਸੋੜੀ ਸਿਆਸਤ ਨੂੰ ਉਚਾ ਤੇ ਪ੍ਰਮੁੱਖ ਰੱਖਣ ਲਈ ਗੁਰੁ ਨਾਨਕ ਦੇਵ ਜੀ ਦੀ ਬੇਅਦਬੀ ਕਰ ਰਹੇ ਹਨ।
ਇਹ ਵੀ ਪੜ੍ਹੋਂ: ਸੁਖਬੀਰ ਦਾ ਜਲਾਲਾਬਾਦ ਦੀ ਰਜਿਸਟਰੀ ਆਪਣੇ ਨਾਂ ਹੋਣ ਦਾ ਬਿਆਨ, ਲੋਕਤੰਤਰ ਦਾ ਨਿਰਾਦਰ : ਸੁਨੀਲ ਜਾਖੜ
ਅਰੋੜਾ ਨੇ ਕਿਹਾ ਕਿ ਇਹ ਲੋਕ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਦਾ ਢੋਂਗ ਤਾਂ ਕਰਦੇ ਹਨ, ਪਰ ਉਨ੍ਹਾਂ ਦੀ ਨਹੀ ਮੰਨਦੇ ਹਨ, ਉਨ੍ਹਾਂ ਦੇ ਫਲਸਫੇ ਦਾ ਸਤਿਕਾਰ ਨਹੀ ਕਰਦੇ, ਉਨ੍ਹਾਂ ਨੇ ਪੂਰੀ ਦੁਨੀਆਂ ਦੀ ਜਿਸ ਮਾਨਵਤਾ ਦੀ ਸਿਰਮੋਰਤਾ ਦਾ ਸੰਦੇਸ਼ ਦੇ ਕੇ ਅਗਵਾਈ ਕੀਤੀ, ਉਸ ਅਗਵਾਈ ਦੀ ਇਹ ਲੋਕ ਪੈਰੋਕਾਰੀ ਨਹੀ ਕਰ ਰਹੇ, ਜੋ ਸਰਬ ਸਾਂਝੀਵਾਲਤਾ, ਭਾਈਚਾਰਕ ਮਨੁਖੀ ਏਕਤਾ, ਹਉਮੇ ਤੋਂ ਕੋਹਾ ਦੂਰ ਰਹਿਣ ਦਾ ਫਲਸਫਾ ਸੀ ਪਰ ਇਹ ਲੀਡਰ ਆਪਣੀ ਰਾਜਨੀਤਿਕ ਅਸਫਲਤਾ ਅਤੇ ਗਵਰਨੈਸ ਦੀ ਅਸਫਲਤਾ ਨੂੰ ਛਪਾਉਣ ਲਈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਟੇਜ ਨੂੰ ਕਬਜ਼ੇ ਚ ਕਰਕੇ ਆਪਣੇ ਆਪ ਨੂੰ ਵੱਡਾ ਸੱਚਾ ਸੁੱਚਾ ਸਿੱਖ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ 1969 ਚ ਗੁਰੁ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਉਤਸਵ ਦੇ ਸਮੇ, ਉਸ ਸਮੇ ਦੀ ਸਰਕਾਰਾਂ ਨੇ ਲੋਕਾਂ ਦੀ ਜਿੰਦਗੀ 'ਚ ਚਾਨਣ ਕਰਨ ਲਈ ਬਠਿੰਡੇ ਥਰਮਲ ਪਲਾਂਟ ਦਾ ਨੀਂਹ ਪੱਥਰ ਰੱਖਿਆ, ਅਗਿਆਨਤਾ ਚੋਂ ਲੋਕਾਂ ਨੂੰ ਕੱਢਣ ਲਈ ਗੁਰੁ ਨਾਨਕ ਦੇਵ ਯੂਨੀਵਰਸਿਟੀ ਅਤੇ 38 ਕਾਲਜਾਂ ਦਾ ਨੀਂਹ ਪੱਥਰ ਰੱਖਿਆ, ਅੱਜ 50 ਸਾਲ ਬਾਅਦ ਮੌਜੂਦਾ ਹੁਕਮਰਾਨਾ ਨੇ ਨਾ ਕੋਈ ਸਕੂਲ ਨਾ ਕੋਈ ਕਾਲਜ, ਨਾ ਹੀ ਕੋਈ ਹਸਪਤਾਲ ਦੀ ਗੱਲ ਕੀਤੀ ਹੈ ਬਲਿਕ ਗੁਰੁ ਨਾਨਕ ਥਰਮਲ ਪਲਾਂਟ ਦੀਆਂ ਚਿਮਨੀਆਂ ਸੁਕੀਆਂ ਪਈਆਂ ਹਨ ਤੇ ਅੱਜ ਇਹ ਲੋਕ ਸਕੂਲ ਜਾਂ ਕੋਈ ਹੋਰ ਵੱਡਾ ਪ੍ਰੋਜੈਕਟ ਸ਼ੁਰੂ ਕਰਨ ਦੀ ਥਾਂ ਇਸ ਹੋੜ ਚ ਹਨ ਕਿ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੋਕੇ ਬਣਨ ਵਾਲੀ ਸਟੇਜ ਤੋਂ ਕੋਣ ਬੋਲੇਗਾ, ਕੋਣ ਕਿਥੇ ਬੈਠੇਗਾ ਤੇ ਕੋਣ ਕੀ ਕਹੇਗਾ।
ਅਰੋੜਾ ਨੇ ਕਾਂਗਰਸੀ ਤੇ ਅਕਾਲੀਆਂ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਸਭ ਧਿਰਾਂ ਕੇਵਲ ਇਸ ਮੌਕੇ ਸਿਆਸੀ ਰੋਟੀਆਂ ਸੇਕ ਰਹੇ ਹਨ ਤੇ ਇਸ ਪਾਵਨ ਮੌਕੇ ਦੀ ਰੱਜ ਕੇ ਬੇਅਦਬੀ ਕਰ ਰਹੇ ਹਨ ਜਿਸ ਨੂੰ ਪੜ੍ਹੇ ਲਿਖੇ ਲੋਕ, ਬੁਧੀ ਜੀਵੀ ਅਤੇ ਆਮ ਲੋਕ ਚੰਗੀ ਤਰ੍ਹਾਂ ਸਮਝ ਰਹੇ ਹਨ।