ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਬਿਲ ਭਰਾਉਣ ਲਈ ਬਿਜਲੀ ਬੋਰਡ ਦੇ ਕੈਸ਼ ਕਾਊਂਟਰ ਖੋਲੇ ਜਾਣ ਦਾ ਤਿੱਖਾ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਨੇ ਲੌਕਡਾਊਨ ਸਮੇਂ ਦੇ ਬਿਜਲੀ ਬਿਲ ਪੂਰੀ ਤਰ੍ਹਾਂ ਮਾਫ਼ ਕਰਨ ਦੀ ਮੰਗ ਕੀਤੀ ਹੈ।
ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਜਿਸ ਤਰ੍ਹਾਂ ਆਪਾ ਵਿਰੋਧੀ ਅਤੇ ਆਪਹੁਦਰੇ ਫ਼ੈਸਲੇ ਜਨਤਾ 'ਤੇ ਥੋਪ ਰਹੀ ਹੈ, ਉਸ ਤੋਂ ਸਪੱਸ਼ਟ ਹੈ ਕਿ ਸਰਕਾਰ ਲੋਕਾਂ ਲਈ ਨਹੀਂ, ਸਗੋਂ ਲੋਕਾਂ ਨੂੰ ਸਰਕਾਰ ਦਾ ਪਹੀਆ ਰੋੜ੍ਹਨ ਲਈ ਬੁਰੀ ਤਰ੍ਹਾਂ ਵਰਤਿਆ ਜਾ ਰਿਹਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਨਿੱਜੀ ਥਰਮਲ ਪਲਾਂਟਾਂ ਨੂੰ ਬਿਨਾਂ ਬਿਜਲੀ ਵਰਤੇ ਅਰਬਾਂ ਰੁਪਏ ਲੁਟਾ ਰਹੀ ਹੈ, ਦੂਜੇ ਪਾਸੇ ਆਪਣੇ ਕੰਮ-ਕਾਰ ਛੱਡ ਘਰਾਂ 'ਚ ਬੈਠਕੇ ਲੌਕਡਾਊਨ ਨਿਯਮਾਂ ਦਾ ਪਾਲਨਾ ਕਰ ਰਹੇ ਲੋਕਾਂ ਨੂੰ ਮਹੀਨਾ-ਦੋ-ਮਹੀਨਾ ਦੇ ਬਿਜਲੀ ਦੇ ਬਿਲ ਵੀ ਨਹੀਂ ਛੱਡੇ ਜਾ ਰਹੇ।
ਭਗਵੰਤ ਮਾਨ ਨੇ ਦਲੀਲ ਨਾਲ ਕਿਹਾ ਕਿ ਇੱਕ ਪਾਸੇ ਸਰਕਾਰ ਸ਼ਰਾਬ ਦੇ ਠੇਕਿਆਂ 'ਤੇ ਲਗਦੀਆਂ ਲਾਈਨਾਂ ਨੂੰ ਕੰਟਰੋਲ ਕਰਨ ਦੇ ਨਾਂ 'ਤੇ ਸ਼ਰਾਬ ਦੀ ਹੋਮ ਡਿਲੀਵਰੀ ਦੇਣ ਜਾ ਰਹੀ ਹੈ, ਦੂਜੇ ਪਾਸੇ ਘਰਾਂ 'ਚ ਬੈਠੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਬਿਲ ਭਰਨ ਲਈ ਬਿਜਲੀ ਮਹਿਕਮੇ ਦੇ ਦਫ਼ਤਰਾਂ ਦੇ ਕੈਸ਼ ਕਾਊਂਟਰਾਂ 'ਤੇ ਲਾਈਨਾਂ 'ਚ ਖੜੇ ਹੋਣ ਲਈ ਤੁਗ਼ਲਕੀ ਫ਼ੈਸਲੇ ਲਏ ਜਾ ਰਹੇ ਹਨ।
ਭਗਵੰਤ ਮਾਨ ਨੇ ਮੰਗ ਕੀਤੀ ਕਿ ਸਰਕਾਰ ਪਿਛਲੇ ਸਾਲ ਦੇ ਬਿੱਲਾਂ ਮੁਤਾਬਿਕ ਬਿਜਲੀ ਬਿਲ ਭਰਾਉਣ ਦੇ ਗੈਰ-ਵਾਜਬ ਫ਼ੈਸਲੇ ਨੂੰ ਤੁਰੰਤ ਵਾਪਸ ਲਵੇ ਅਤੇ ਇਨ੍ਹਾਂ 2-3 ਮਹੀਨਿਆਂ ਦੇ ਬਿਜਲੀ ਦੇ ਬਿਲ ਪੂਰੀ ਤਰਾਂ ਮੁਆਫ਼ ਕਰੇ। ਭਗਵੰਤ ਮਾਨ ਨੇ ਕਿਹਾ ਕਿ ਜੋ ਦੁਕਾਨਾਂ ਜਾਂ ਘਰ ਲੌਕਡਾਊਨ ਦੌਰਾਨ ਖੁੱਲ੍ਹੇ ਹੀ ਨਹੀਂ, ਉਨ੍ਹਾਂ ਦੇ ਬਿਜਲੀ ਬਿਲ ਪਿਛਲੇ ਸਾਲ ਮੁਤਾਬਿਕ ਵਸੂਲਣਾ ਸ਼ਰੇਆਮ ਲੁੱਟ ਅਤੇ ਬੇਇਨਸਾਫ਼ੀ ਹੈ।
ਮਾਨ ਨੇ ਕਿਹਾ ਕਿ ਲੱਖਾਂ ਦੀ ਗਿਣਤੀ 'ਚ ਲੋਕ ਆਪਣੀ ਇੱਕ ਤੋਂ ਵੱਧ ਰਿਹਾਇਸ਼ ਜਾਂ ਕਿਰਾਏ ਦੇ ਘਰਾਂ ਨੂੰ ਜਿੰਦਰੇ ਮਾਰ ਕੇ ਆਪਣੇ ਪੁਸ਼ਤੈਨੀ ਘਰਾਂ/ਪਿੰਡਾਂ 'ਚ ਜਾ ਬੈਠੇ ਹਨ। ਅਜਿਹੇ ਜਿੰਦਰਾ ਲੱਗੇ ਘਰਾਂ/ਦੁਕਾਨਾਂ ਦੇ ਬਿਲ ਵਸੂਲਣਾ ਪੂਰੀ ਤਰਾਂ ਗ਼ਲਤ ਹੈ।
ਇਹ ਵੀ ਪੜੋ: ਲੋੜਵੰਦਾਂ ਦੀ ਮਦਦ ਕਰਨਾ ਦੁਨੀਆਂ ਦਾ ਸਭ ਤੋਂ ਵੱਡਾ ਮਾਨ ਤੇ ਸੰਤੁਸ਼ਟੀ: ਨਵਜੋਤ ਸਿੱਧੂ
ਮਾਨ ਨੇ ਕਿਹਾ ਕਿ ਜੇਕਰ ਸਰਕਾਰ ਅਜਿਹੇ ਲੋਕ ਮਾਰੂ ਫ਼ੈਸਲੇ ਵਾਪਸ ਨਹੀਂ ਲਵੇਗੀ ਤਾਂ ਆਮ ਆਦਮੀ ਪਾਰਟੀ ਲੋਕਾਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਇੱਕ ਹੋਰ ਬਿਜਲੀ ਮੋਰਚਾ ਖੋਲ੍ਹੇਗੀ ਅਤੇ ਜ਼ਰੂਰਤ ਪੈਣ 'ਤੇ ਕਾਨੂੰਨੀ ਘੇਰਾਬੰਦੀ ਵੀ ਕਰੇਗੀ।