ਚੰਡੀਗੜ੍ਹ: ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਪੰਜਵਾਂ ਦਿਨ ਹੈ ਤੇ ਵਿਰੋਧੀ ਪਾਰਟੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਫਿਰ ਭਾਵੇਂ ਮਾਮਲਾ ਕਿਸਾਨ ਖੁਦਕੁਸ਼ੀ ਦਾ ਹੋਵੇ ਜਾਂ ਕਿਸਾਨ ਗੰਨਾਂ ਦੀ ਪੇਮੈਂਟ ਦੀ ਬਕਾਇਆ ਰਾਸ਼ੀ ਦਾ ਹੋਵੇ, ਅਜਿਹੇ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਸਰਕਾਰ ਨੂੰ ਘੇਰਿਆ ਗਿਆ ਹੈ।
ਉੱਥੇ ਹੀ, ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਮੂੰਹ 'ਤੇ ਮਾਸਕ ਲਗਾ ਕੇ ਪਹੁੰਚੇ, ਜਿਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਰਟ ਫੋਨ ਨਾ ਵੰਡੇ ਜਾਣ ਪਿੱਛੇ ਕਰੋਨਾ ਵਾਇਰਸ ਕਾਰਨ ਦੱਸਿਆ ਜਿਸ ਨੂੰ ਲੈ ਕੇ ਅਨੋਖਾ ਮਾਸਕ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਕੈਪਟਨ ਸਰਕਾਰ ਵੱਲੋਂ ਝੂਠੇ ਫਾਰਮ ਭਰਵਾ ਕੇ ਸੱਤਾ 'ਤੇ ਕਬਜ਼ਾ ਕਰਨ ਦੇ ਦੋਸ਼ ਆਮ ਆਦਮੀ ਪਾਰਟੀ ਵੱਲੋਂ ਲਗਾਏ ਜਾ ਰਹੇ ਹਨ। ਬਜਟ ਪੇਸ਼ ਹੋਣ ਤੋਂ ਪਹਿਲਾਂ ਸਰਕਾਰ ਨੂੰ ਪਾਰਟੀ ਵੱਲੋਂ ਘੇਰਿਆ ਜਾ ਰਿਹਾ ਹੈ।
ਇਸ ਦੌਰਾਨ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ ਤੇ ਮੁੱਖ ਮੰਤਰੀ ਵੱਲੋਂ ਜੋ ਕਿਹਾ ਗਿਆ ਸੀ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਜ਼ਿਆਦਾਤਰ ਕਿਸਾਨਾਂ ਦਾ ਕਰਜ਼ਾ ਹੁਣ ਤੱਕ ਮੁਆਫ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੋ ਰਾਸ਼ੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੇ ਕਰਜ਼ੇ ਦੀ ਵੰਡਣੀ ਸੀ, ਉਹ ਵੀ ਹਾਲੇ ਤੱਕ ਨਹੀਂ ਵੰਡੀ ਗਈ ਹੈ ਜਿਸ ਤੋਂ ਸਾਫ ਹੁੰਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਰਫ਼ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਏ ਸਨ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਜਾਪਾਨ 'ਚ ਫਸੇ 119 ਭਾਰਤੀਆਂ ਤੇ 4 ਮੁਲਕਾਂ ਦੇ 5 ਨਾਗਰਿਕ ਭਾਰਤ ਪੰਹੁਚੇ