ਚੰਡੀਗੜ੍ਹ: ਕੈਨੇਡਾ ਦੀ ਧਰਤੀ ਉੱਤੇ ਪੰਜਾਬ ਦੇ ਨੌਜਵਾਨ ਕੁੜੀਆਂ ਅਤੇ ਮੁੰਡਿਆਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਹੁਸ਼ਿਆਰਪੁਰ ਜ਼ਿਲੇ ਦੇ ਦਸੂਹਾ-ਤਲਵਾੜਾ ਦੇ ਪਿੰਡ ਕੋਠੀ ਦਾ ਰਹਿਣ ਵਾਲਾ ਸਚਿਨ ਭਾਟੀਆ 4 ਸਾਲਾਂ ਤੋਂ ਕੈਨੇਡਾ 'ਚ ਰਹਿ ਰਿਹਾ ਸੀ ਜਿਸ ਦੀ ਸਿਹਤ ਖਰਾਬ ਹੋਣ ਮਗਰੋਂ ਮੌਤ ਹੋ ਗਈ। ਪਰਿਵਾਰ ਨੂੰ ਕੈਨੇਡਾ ਤੋਂ ਫੋਨ ਕਰਕੇ ਪੁੱਤਰ ਦੀ ਤੇਜ਼ ਬੁਖਾਰ ਕਾਰਨ ਮੌਤ ਹੋਣ ਦੀ ਸੂਚਨਾ ਦਿੱਤੀ ਗਈ। ਮ੍ਰਿਤਕ ਦੀ ਉਮਰ 26 ਸਾਲ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਸਚਿਨ 2 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ 2019 'ਚ ਪੜ੍ਹਾਈ ਲਈ ਕੈਨੇਡਾ ਗਿਆ ਸੀ। ਕੁਝ ਸਮੇਂ ਬਾਅਦ ਭੈਣ ਵੀ ਕੈਨੇਡਾ ਚਲੀ ਗਈ ਅਤੇ ਦੋਵੇਂ ਭੈਣ-ਭਰਾ ਇਕੱਠੇ ਰਹਿ ਰਹੇ ਸਨ।
ਭੈਣ ਨੇ ਭਰਾ ਦੀ ਮੌਤ ਸਬੰਧੀ ਕੀਤਾ ਸੂਚਿਤ: ਮ੍ਰਿਤਕ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਗਏ ਉਨ੍ਹਾਂ ਦੇ ਇਕਲੋਤੇ ਪੁੱਤਰ ਨੂੰ 4 ਸਾਲ ਹੋ ਗਏ ਸਨ ਅਤੇ ਹੁਣ ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਰਿਹਾ ਸੀ। ਉਨ੍ਹਾਂ ਕਿਹਾ ਬੀਤੀ ਰਾਤ ਕਰੀਬ 9 ਵਜੇ ਉਨ੍ਹਾਂ ਦੀ ਧੀ ਨੇ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ। ਪਿਤਾ ਮੁਤਾਬਿਕ ਉਸ ਸਮੇਂ ਮ੍ਰਿਤਕ ਕੰਮ ਖਤਮ ਕਰਕੇ ਵਾਪਸ ਘਰ ਜਾ ਰਿਹਾ ਸੀ। ਰਸਤੇ ਵਿੱਚ ਉਸਨੇ ਹਲਕਾ ਬੁਖਾਰ ਹੋਣ ਬਾਰੇ ਦੱਸਿਆ, ਜਿਸ ਤੋਂ ਬਾਅਦ ਮੈਂ ਉਸ ਨੂੰ ਘਰ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਦਵਾਈ ਲੈਣ ਲਈ ਕਿਹਾ। ਪੁੱਤਰ ਘਰ ਪਹੁੰਚ ਗਿਆ। ਇਸ ਤੋਂ ਬਾਅਦ ਬੇਟੀ ਨਾਲ ਗੱਲ ਕੀਤੀ ਅਤੇ ਉਸ ਨੂੰ ਸਚਿਨ ਦਾ ਧਿਆਨ ਰੱਖਣ ਲਈ ਕਿਹਾ। ਕਰੀਬ 2 ਘੰਟੇ ਬਾਅਦ ਬੇਟੀ ਨੇ ਫੋਨ ਕੀਤਾ, ਜਿਸ ਨੇ ਦੱਸਿਆ ਕਿ ਸਚਿਨ ਨੂੰ ਹਸਪਤਾਲ ਲਿਆਂਦਾ ਗਿਆ ਹੈ। ਬੇਟੀ ਨੇ ਦੱਸਿਆ ਕਿ ਸਚਿਨ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ।
ਇਸ ਦਰਦਨਾਕ ਘਟਨਾ ਤੋਂ ਬਾਅਦ ਪਰਿਵਾਰ ਨੇ ਰੋਂਦਿਆਂ ਹੋਇਆਂ ਸੂਬਾ ਅਤੇ ਕੇਂਦਰ ਸਰਕਾਰ ਨੂੰ ਮਦਦ ਲਈ ਅਪੀਲ ਕੀਤੀ ਹੈ ਤਾਂ ਕਿ ਉਨ੍ਹਾਂ ਦੇ ਇਕਲੋਤੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆ ਕੇ ਅੰਤਿਮ ਰਸਮਾਂ ਨਿਭਾਈਆ ਜਾ ਸਕਣ।