ਚੰਡੀਗੜ੍ਹ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫ਼ਤ ਵਿਚੋਂ ਹਾਲੇ ਵੀ ਬਾਹਰ ਹੈ। ਪੁਲਿਸ ਤੋਂ ਬਚਣ ਲਈ ਅੰਮ੍ਰਿਤਪਾਲ ਵੱਲੋਂ ਵੱਖ-ਵੱਖ ਸ਼ਹਿਰ ਤੇ ਵੱਖ-ਵੱਖ ਭੇਸ ਬਦਲੇ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਇਆਂ ਨੂੰ ਅੱਜ 8ਵਾਂ ਦਿਨ ਹੈ ਤੇ ਇਨ੍ਹਾਂ 8 ਦਿਨਾਂ ਵਿੱਚ ਅੰਮ੍ਰਿਤਪਾਲ ਸਿੰਘ ਨੇ ਵੱਖ-ਵੱਖ ਸ਼ਹਿਰ ਤੇ ਹੁਲੀਏ ਬਦਲੇ ਹਨ। ਈਟੀਵੀ ਭਾਰਤ ਦੀ ਇਸ ਖਾਸ ਰਿਪੋਰਟ ਵਿੱਚ ਤੁਹਾਨੂੰ ਦੱਸਾਂਗੇ ਕਿ ਅੰਮ੍ਰਿਤਪਾਲ ਨੇ ਪੁਲਿਸ ਤੋਂ ਬਚਣ ਲਈ ਹੁਣ ਤਕ ਕਿਸ ਸ਼ਹਿਰ, ਕਿਸ ਦਿਨ, ਕਿਹੜਾ ਹੁਲੀਆ ਬਦਲਿਆ ਹੈ।
ਦੁਬਈ ਤੋਂ ਪਰਤਦਿਆਂ ਬਾਣੇ ਵਿੱਚ ਆਇਆ ਅੰਮ੍ਰਿਤਪਾਲ ਸਿੰਘ : ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸਰਗਰਮ ਹੋਏ ਅੰਮ੍ਰਿਤਪਾਲ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਬਣਨ ਤੋਂ ਬਾਅਦ ਲਗਾਤਾਰ ਹੀ ਬਾਣੇ ਵਿਚ ਦੇਖਿਆ ਗਿਆ। ਗਰਮ ਵਿਚਾਰਧਾਰਾ ਤੇ ਤਿੱਖੇ ਸ਼ਬਦਾਂ ਕਾਰਨ ਹੀ ਅੰਮ੍ਰਿਤਪਾਲ ਸਿੰਘ ਚਰਚਾ ਵਿਚ ਆਇਆ। ਖਾਲਸਾ ਵਹੀਰ ਦੀ ਕਾਲ ਤੋਂ ਬਾਅਦ ਸ਼ਾਹਕੋਟ ਵਿਖੇ ਲੱਗੇ ਪੁਲਿਸ ਦੇ ਟ੍ਰੈਪ ਤੋਂ ਬਚਣ ਲਈ ਅੰਮ੍ਰਿਤਪਾਲ ਸਿੰਘ ਫਰਾਰ ਹੋ ਗਿਆ। ਇਸ ਤੋਂ ਬਾਅਦ ਲਗਾਤਾਰ ਹੀ ਅੰਮ੍ਰਿਤਪਾਲ ਆਪਣਾ ਹੁਲੀਆ ਬਦਲ ਰਿਹਾ ਹੈ। ਇਸ ਸਬੰਧੀ ਕੁਝ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀਆਂ ਹਨ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਭੇਸ ਬਦਲ ਕੇ ਘੁੰਮਦਾ ਦਿਸਿਆ ਹੈ।
ਹਰ ਸ਼ਹਿਰ ਵਿਚ ਵੱਖਰਾ ਭੇਸ ਬਣਾ ਕੇ ਘੁੰਮਦਾ ਰਿਹਾ ਅੰਮ੍ਰਿਤਪਾਲ : ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਤੋਂ ਹੁਣ ਤਕ ਜੋ ਜੋ ਸੀਸੀਟੀਵੀ ਫੁਜੇਟ ਜਾਂ ਫੋਟੋਆਂ ਸਾਹਮਣੇ ਆਈਆਂ ਹਨ, ਉਸ ਅਨੁਸਾਰ ਅੰਮ੍ਰਿਤਪਾਲ ਸਿੰਘ ਹਰ ਸ਼ਹਿਰ ਵੱਖਰਾ ਭੇਸ ਬਣਾ ਕੇ ਘੁੰਮ ਰਿਹਾ ਸੀ। ਸਭ ਤੋਂ ਪਹਿਲੇ ਦਿਨ ਅੰਮ੍ਰਿਤਪਾਲ ਸਿੰਘ ਨੂੰ ਇਕ ਪਲੈਟਿਨਾ ਮੋਟਰਸਾਈਕਲ ਦੇ ਪਿੱਛੇ ਬੈਠਾ ਦੇਖਿਆ ਗਿਆ। ਇਸ ਫੋਟੋ ਵਿਚ ਅੰਮ੍ਰਿਤਪਾਲ ਸਿੰਘ ਨੇ ਗੁਲਾਬੀ ਪੱਗ ਬੰਨ੍ਹੀ ਹੋਈ ਸੀ। ਫਿਰ ਦੂਜੀ ਫੋਟੋ ਵਿਚ ਅੰਮ੍ਰਿਤਪਾਲ ਸਿੰਘ ਇਕ ਰੇਹੜੀ ਉਤੇ ਦਿਸਿਆ। ਹਾਲਾਂਕਿ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਦੋਵਾਂ, ਮੋਟਰਸਾਈਕਲ ਤੇ ਜੁਗਾੜੂ ਰੇਹੜੀ ਨੂੰ ਬਰਾਮਦ ਕਰ ਲਿਆ ਸੀ।
ਖਬਰਾਂ ਹਨ ਕਿ ਕੱਲ੍ਹ ਅੰਮ੍ਰਿਤਪਾਲ ਸਿੰਘ ਲੁਧਿਆਣਾ ਤੋਂ ਹਰਿਆਣਾ ਤੇ ਅੱਜ ਹਰਿਆਣਾ ਤੋਂ ਦਿੱਲੀ ਫਰਾਰ ਹੋ ਗਿਆ। ਹਾਲਾਂਕਿ ਇਸ ਸਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੈਮਰੇ ਸਾਹਮਣੇ ਆ ਕੇ ਪੁਸ਼ਟੀ ਨਹੀਂ ਕੀਤੀ। ਲੁਧਿਆਣਾ ਦੇ ਪੁਲਿਸ ਕਮਿਸ਼ਨ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਸੀ ਕਿ ਅੰਮ੍ਰਿਤਪਾਲ ਸਿੰਘ ਲੁਧਿਆਣਾ ਵਿਖੇ 40 ਤੋਂ 50 ਮਿੰਟ ਲੁਧਿਆਣਾ ਸ਼ਹਿਰ ਵਿਚ ਰਿਹਾ, ਪਰ ਰਾਤ ਸਮੇਂ ਉਹ ਬੱਸ ਵਿਚ ਹਰਿਆਣਾ ਚਲਾ ਗਿਆ। ਇਸ ਸਬੰਧੀ ਇਕ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਜੋ ਕਿ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ੇ ਦੀ ਦੱਸੀ ਜਾ ਰਹੀ ਹੈ।
ਲੁਧਿਆਣਾ ਵਿੱਚ ਵੱਖਰਾ ਭੇਸ : ਲੁਧਿਆਣਾ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਸ਼ਹਿਰ ਵਿੱਚ 40 ਤੋਂ 50 ਮਿੰਟ ਘੁੰਮਦਾ ਰਿਹਾ। ਇਸ ਸਬੰਧੀ ਇਕ ਵੀਡੀਓ ਵੀ ਜਾਰੀ ਹੋਈ, ਜੋ ਕਿ ਲਾਡੋਵਾਲ ਟੋਲਪਲਾਜ਼ਾ ਦੀ ਦੱਸੀ ਜਾ ਰਹੀ ਹੈ। ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਅੰਮ੍ਰਿਤਪਾਲ ਸਿੰਘ ਬੱਸ ਵਿਚ ਬੈਠ ਕੇ ਲੁਧਿਆਣਾ ਸ਼ੇਰਪੁਰ ਚੌਕ ਪਹੁੰਚਿਆ ਤੇ ਸ਼ੇਰਪੁਰ ਚੌਕ ਤੋਂ ਬੱਸ ਫੜ ਕੇ ਹਰਿਆਣਾ ਫਰਾਰ ਹੋ ਗਿਆ। ਲੁਧਿਆਣਾ ਵਿਚ ਵੀ ਅੰਮ੍ਰਿਤਪਾਲ ਸਿੰਘ ਦਾ ਵੱਖਰਾ ਰੂਪ ਸੀ, ਇਸ ਵਿੱਚ ਅੰਮ੍ਰਿਤਪਾਲ ਨੇ ਪੈਂਟ ਸ਼ਰਟ ਤੇ ਪਰਨਾ ਬੰਨ੍ਹਿਆ ਹੋਇਆ ਸੀ। ਹਾਲਾਂਕਿ ਇਸ ਸਬੰਧੀ ਪੁਲਿਸ ਕਮਿਸ਼ਨਰ ਨੇ ਓਨ ਕੈਮੇਰਾ ਬਿਆਨ ਦੇਣ ਤੋਂ ਗੁਰੇਜ਼ ਕੀਤਾ ਸੀ।
ਇਹ ਵੀ ਪੜ੍ਹੋ : Rajnath Singh met Dera Beas chief: ਡੇਰਾ ਬਿਆਸ ਮੁਖੀ ਨੂੰ ਮਿਲੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ
ਹਰਿਆਣਾ ਵਿੱਚ ਵੀ ਬਦਲਿਆ ਭੇਸ : ਹਰਿਆਣਾ ਦੇ ਸ਼ਾਹਬਾਦ ਤੋਂ ਵੀ ਇਕ ਸੀਸੀਟੀਵੀ ਸਾਹਮਣੇ ਆਈ, ਜਿਸ ਵਿੱਚ ਅੰਮ੍ਰਿਤਪਾਲ ਛੱਤਰੀ ਲੈ ਕੇ ਘੁੰਮ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਅੰਮ੍ਰਿਤਪਾਲ ਨੇ ਨੀਲੇ ਰੰਗ ਦੀ ਪੈਂਟ ਤੇ ਡੱਬੀਆਂ ਵਾਲੀ ਸ਼ਰਟ ਪਾਈ ਹੋਈ ਹੈ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਅੰਮ੍ਰਿਤਪਾਲ ਹਰਿਆਣਾ ਵਿਖੇ ਬਲਜੀਤ ਕੌਰ ਕੋਲ ਰੁਕਿਆ ਸੀ। ਇਲਜ਼ਾਮ ਹਨ ਕਿ ਬਲਜੀਤ ਕੌਰ ਨੇ ਕੁਰੂਕਸ਼ੇਤਰ ਵਿਚ ਬਲਜੀਤ ਕੌਰ ਨੇ ਅੰਮ੍ਰਿਤਪਾਲ ਸਿੰਘ ਨੂੰ 3 ਦਿਨ ਆਪਣੇ ਘਰ ਰੱਖਿਆ ਸੀ।
ਪਟਿਆਲੇ ਤੋਂ ਵੀ ਨਵੀਂ ਵੀਡੀਓ ਆਈ ਸਾਹਮਣੇ : ਅੰਮ੍ਰਿਤਪਾਲ ਸਿੰਘ ਦੀ ਪਟਿਆਲਾ ਤੋਂ ਵੀ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ਵੀਡੀਓ ਕਲਿਪ ਵਿਚ ਅੰਮ੍ਰਿਤਪਾਲ ਸਿੰਘ ਨੇ ਕੌਫੀ ਰੰਗ ਦੀ ਪੱਗ ਬੰਨ੍ਹਾਂ ਹੋਈ ਹੈ ਤੇ ਕਾਲੇ ਰੰਗ ਦੀ ਜੈਕੇਟ ਪਾਈ ਹੈ। ਹਾਲਾਂਕਿ ਇਸ ਵੀਡੀਓ ਦੀ ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ।