ਚੰਡੀਗੜ੍ਹ: ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਉਹਨਾਂ ਨੇ ਕਾਂਗਰਸ ਉੱਤੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਕਾਂਗਰਸ ਵਿੱਚ ਅਨੁਸ਼ਾਸ਼ਨ ਭੰਗ ਹੋ ਗਿਆ ਹੈ ਤੇ ਉਹ ਆਪਣਾ ਵਿਚਾਰਧਾਰਾ ਤੋਂ ਭਟਕ ਗਈ ਹੈ। ਦੱਸ ਦਈਏ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਆਪਣਾ ਧੜਾ ਵਧਾ ਰਹੀ ਹੈ। ਪਿਛਲੇ ਇੱਕ ਸਾਲ ਵਿੱਚ ਵੱਖ-ਵੱਖ ਪਾਰਟੀਆਂ ਦੇ ਕਈ ਵੱਡੇ ਆਗੂ ਪਾਰਟੀ ਵਿੱਚ ਸ਼ਾਮਲ ਹੋਏ ਹਨ। ਦੂਜੇ ਪਾਸੇ ਪੰਜਾਬ ਭਾਜਪਾ ਦੀ ਕਮਾਨ ਸੁਨੀਲ ਜਾਖੜ ਨੂੰ ਮਿਲਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦੀ ਲਾਈਨ ਲੰਬੀ ਹੁੰਦੀ ਜਾ ਰਹੀ ਹੈ।
ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ ਸਵਾਗਤ: ਭਾਜਪਾ ਵਿੱਚ ਸ਼ਾਮਲ ਹੋਏ ਅਸ਼ਵਨੀ ਸੇਖੜੀ ਦਾ ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਜਾਖੜ ਨੇ ਸਵਾਗਤ ਕੀਤਾ। ਇਸ ਦੇ ਲਈ ਪਾਰਟੀ ਵੱਲੋਂ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦਫ਼ਤਰ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ।
ਕੁਝ ਦਿਨ ਪਹਿਲਾਂ ਕਾਂਗਰਸ ਨੇ ਸਾਬਕਾ ਮੰਤਰੀ ਸੇਖੜੀ ਨੂੰ ਪਾਰਟੀ ਤੋਂ ਕੀਤਾ ਸੀ ਸਸਪੈਂਡ: ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸੀਨੀਅਰ ਆਗੂ ਅਸ਼ਵਨੀ ਸੇਖੜੀ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਮੁਲਕਾਤ ਤੋਂ ਬਾਅਦ ਕਾਂਗਰਸ ਨੇ ਵੱਡਾ ਐਕਸ਼ਨ ਲੈਂਦੇ ਹੋਏ ਸੇਖੜੀ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਸੀ ਤਾਂ ਅੱਜ ਅਧਿਕਾਰਿਕ ਤੌਰ ਉੱਤੇ ਅਸ਼ਵਨੀ ਸੇਖੜੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਜਗਦੀਸ਼ ਰਾਜ ਸਾਹਨੀ ਤੋਂ ਬਾਅਦ ਭਾਜਪਾ ਨੂੰ ਬਟਾਲਾ ਵਿਧਾਨ ਸਭਾ ਸੀਟ ਤੋਂ ਵੱਡੇ ਨੇਤਾ ਦੀ ਤਲਾਸ਼ ਸੀ। ਇਸ ਤੋਂ ਇਲਾਵਾ ਅਸ਼ਵਨੀ ਸੇਖੜੀ ਦੇ ਭਾਜਪਾ 'ਚ ਸ਼ਾਮਲ ਹੋਣ ਨੂੰ ਵੀ ਲੋਕ ਸਭਾ ਚੋਣਾਂ 2024 ਲਈ ਭਾਜਪਾ ਦੀ ਵੱਡੀ ਯੋਜਨਾ ਮੰਨਿਆ ਜਾ ਰਿਹਾ ਹੈ।