ਚੰਡੀਗੜ੍ਹ: ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਸੁਧਾਰ ਆਰਡੀਨੈਂਸ ਪਾਸ ਕਰਨ ਪਿੱਛੋਂ ਪੰਜਾਬ ਦੀ ਕਿਸਾਨ ਜਥੇਬੰਦੀਆਂ ਲਾਮਬੰਦ ਹੋਣਾ ਸ਼ੁਰੂ ਹੋ ਗਈਆਂ ਹਨ, ਜਿਸ ਤਹਿਤ ਚੰਡੀਗੜ੍ਹ ਕਿਸਾਨ ਭਵਨ ਵਿਖੇ 9 ਕਿਸਾਨ ਜਥੇਬੰਦੀਆਂ ਨੇ ਬੁੱਧਵਾਰ ਨੂੰ ਮੀਟਿੰਗ ਕਰਕੇ ਇੱਕ ਮੰਚ 'ਤੇ ਇਕਜੁਟ ਹੋਣ ਦਾ ਐਲਾਨ ਕੀਤਾ। ਜਥੇਬੰਦੀਆਂ ਨੇ ਇਸ ਨਾਲ ਹੀ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਇੱਕ ਰੋਸ ਰੈਲੀ ਦਾ ਵੀ ਐਲਾਨ ਕੀਤਾ, ਉੱਥੇ ਹੀ ਮੁੱਖ ਮੰਤਰੀ ਪੰਜਾਬ ਨੂੰ 28 ਅਗੱਸਤ ਨੂੰ ਇੱਕ ਰੋਜ਼ਾ ਵਿਧਾਨ ਸਭਾ ਇਜਲਾਸ ਵਿੱਚ ਕਿਸਾਨਾਂ ਦੇ ਬਚਾਅ ਨੂੰ ਲੈ ਕੇ ਵਿਸ਼ੇਸ਼ ਮਤਾ ਲਿਆਉਣ ਦੀ ਮੰਗ ਵੀ ਕੀਤੀ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਸਾਨ ਜਥੇਬੰਦੀਆਂ ਦਾ ਇੱਕ ਮੰਚ 'ਤੇ ਇਕੱਠਾ ਹੋਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਵਾਅਦੇ ਕਰਕੇ ਸਰਕਾਰ ਬਣਾਈ ਸੀ। ਉਨ੍ਹਾਂ ਕਿਹਾ ਕਿ ਹੁਣ ਉਹ ਕੇਂਦਰ ਸਰਕਾਰ ਦੇ ਲਿਆਂਦੇ ਖੇਤੀ ਸੁਧਾਰ ਆਰਡੀਨੈਂਸ ਅਤੇ ਬਿਜਲੀ ਵਿੱਚ ਕੀਤੇ ਜਾ ਰਹੇ ਬਦਲਾਅ ਸਬੰਧੀ ਵਿਧਾਨ ਸਭਾ ਵਿੱਚ ਮਤਾ ਲਿਆ ਕੇ ਆਰਡੀਨੈਂਸਾਂ ਨੂੰ ਰੱਦ ਕਰਨ।
ਉਨ੍ਹਾਂ ਮੁੱਖ ਮੰਤਰੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਆਰਡੀਨੈਂਸ ਰੱਦ ਨਾ ਕੀਤੇ ਤਾਂ ਉਨ੍ਹਾਂ ਦੀ ਸਰਕਾਰ ਵਿਰੁੱਧ ਵੀ ਮੋਰਚਾ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨ ਜਿੱਥੇ ਲਾਮਬੰਦ ਹੋ ਰਹੇ ਹਨ, ਉੱਥੇ ਹੀ ਪੰਜਾਬ ਦੇ ਕਿਸਾਨ ਵੀ ਇਕਜੁੱਟ ਹੋ ਗਏ ਹਨ। ਜਿਨ੍ਹਾਂ ਦੀ ਕੁਆਰਡੀਨੇਸ਼ਨ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜੋ ਕਿ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰੇਗੀ।
ਲੱਖੋਵਾਲ ਨੇ ਕਿਹਾ ਕਿ ਕਰਨਾਟਕਾ ਅਤੇ ਮਹਾਂਰਾਸ਼ਟਰ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਪੈਦਲ ਯਾਤਰਾ ਕੱਢੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੇ ਕਿਸਾਨ ਵੀ ਮੋਦੀ ਦਾ ਘਿਰਾਓ ਕਰਨ ਲਈ ਰਾਸ਼ਟਰੀ ਕਿਸਾਨ ਯੂਨੀਅਨ ਦਾ ਸਮਰਥਨ ਕਰਨਗੇ ਅਤੇ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਸੁਧਾਰ ਆਰਡੀਨੈਂਸ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਿਸਾਨਾਂ ਦਾ ਘਿਰਾਓ ਜਾਰੀ ਰਹੇਗਾ।