ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਿਟੀ 'ਚ ਪੜ੍ਹਦੇ ਦੋ ਵਿਦਿਆਰਥੀਆਂ ਨੂੰ ਗੋਲ਼ੀਆਂ ਮਾਰ ਦਿੱਤੀਆਂ ਗਈਆਂ। ਦਰਾਅਸਰ ਇਹ ਘਟਨਾ ਐਤਵਾਰ ਰਾਤ ਦੀ ਹੈ। ਜਾਣਕਾਰੀ ਮੁਤਾਬਿਕ ਜਦੋਂ ਨੌਜਵਾਨ ਰਾਤ ਨੂੰ ਘਰ ਵਿੱਚ ਸੁੱਤੇ ਪਏ ਸਨ ਤਾਂ ਕੁਝ ਨੌਜਵਾਨ ਆਏ ਅਤੇ ਉਹਨਾਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਇਸ ਹਮਲੇ ਦੌਰਾਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਤੇ ਦੂਜਾ ਗੰਭੀਰ ਜ਼ਖ਼ਮੀ ਹੈ, ਜਿਸ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ।
ਨੌਜਵਾਨਾਂ ਦੀ ਹੋਈ ਪਛਾਣ: ਮ੍ਰਿਤਕ ਵਿਦਿਆਰਥੀ ਦੀ ਪਛਾਣ ਅਨੁਜ ਵਾਸੀ ਭਿਵਾਨੀ ਵਜੋਂ ਹੋਈ ਹੈ, ਜੋ ਹਰਿਆਣਾ ਦਾ ਰਹਿਣ ਵਾਲਾ ਸੀ। ਉਥੇ ਹੀ ਜ਼ਖ਼ਮੀ ਵਿਦਿਆਰਥੀ ਦੀ ਪਛਾਣ ਪਵਨੀਤ ਵਜੋਂ ਹੋਈ ਹੈ, ਜੋ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਦੋਵੇਂ ਪਿੰਡ ਭਾਗੋਮਾਜਰਾ ਵਿੱਚ ਪੈਂਦੀ ਸਰਪੰਚ ਕਲੋਨੀ ਵਿੱਚ ਇੱਕ ਕਿਰਾਏ ਦੇ ਘਰ ਵਿੱਚ ਰਹਿ ਰਹੇ ਸਨ।
ਲੋਕਾਂ ਨੇ ਕੀਤੀ ਮਦਦ: ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਦੋਵਾਂ ਵਿਦਿਆਰਥੀਆਂ ਨੂੰ ਜ਼ਖਮੀ ਦੇਖ ਕੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਖਰੜ ਪਹੁੰਚਾਇਆ ਗਿਆ। ਉੱਥੇ ਡਾਕਟਰਾਂ ਨੇ ਅਨੁਜ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਗੰਭੀਰ ਜ਼ਖਮੀ ਪਵਨੀਤ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਰੈਫ਼ਰ ਕਰ ਦਿੱਤਾ ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ।
ਹਮਲਾਵਰ ਮੌਕੇ ਤੋਂ ਹੋਏ ਫਰਾਰ: ਦਰਾਅਸਰ ਲੋਕਾਂ ਦੇ ਦੱਸਣ ਮੁਤਾਬਿਕ ਐਤਵਾਰ ਰਾਤ ਨੂੰ ਦੋ ਨੌਜਵਾਨ ਮੂੰਹ 'ਤੇ ਕੱਪੜੇ ਪਾ ਕੇ ਆਏ ਅਤੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਨਾਲ ਝਗੜਾ ਕਰਨ ਲੱਗੇ। ਇਸ ਦੌਰਾਨ ਅਚਾਨਕ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਬਾਰੀ ਤੋਂ ਬਚਣ ਲਈ ਨੌਜਵਾਨਾਂ ਨੇ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ, ਪਰ ਗੋਲੀ ਲੱਗਣ ਨਾਲ ਅਨੁਜ ਅਤੇ ਪਵਨੀਤ ਜ਼ਖਮੀ ਹੋ ਗਏ। ਇਸ ਤੋਂ ਬਾਅਦ ਹਮਲਾਵਰ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ।