ਚੰਡੀਗੜ੍ਹ: ਜਿਵੇਂ ਸ਼ਾਹਜਹਾਂ ਨੇ ਆਪਣੀ ਬੇਗ਼ਮ ਮੁਮਤਾਜ ਦੀ ਯਾਦ ਵਿੱਚ ਤਾਜ ਮਹਿਲ ਬਣਾਇਆ ਸੀ ਉਸੇ ਤਰ੍ਹਾਂ ਚੰਡੀਗੜ੍ਹ ਦੇ ਵਿਜੇ ਕੁਮਾਰ ਨੇ ਆਪਣੀ ਪਤਨੀ ਦੀ ਯਾਦ ਵਿੱਚ ਸੰਗਮਰਮਰ ਦੀ ਮੂਰਤੀ ਬਣਵਾਈ ਹੈ। ਪਤਨੀ ਦੀ ਮੌਤ ਤੋਂ ਬਾਅਦ ਵਿਜੇ ਨੇ ਹੂ-ਬ-ਹੂ ਪਤਨੀ ਦੀ ਤਰ੍ਹਾਂ ਵਿਖਾਈ ਦੇਣ ਵਾਲੀ ਸੰਗਮਰਮਰ ਦੀ ਮੂਰਤੀ ਬਣਵਾਈ ਹੈ।
ਇੱਥੇ ਜ਼ਿਕਰ ਕਰ ਦਈਏ ਕਿ ਵਿਜੇ ਕੁਮਾਰ ਦੀ ਪਤਨੀ ਵੀਣਾ ਬਲੱਡ ਕੈਂਸਰ ਦੀ ਮਰੀਜ਼ ਸੀ ਜਿਸ ਕਰਕੇ ਉਸ ਦੀ ਮੌਤ ਇਸੇ ਸਾਲ ਮਾਰਚ ਵਿੱਚ ਹੋਈ ਸੀ। ਵੀਣਾ ਦੀ ਮੌਤ ਤੋਂ ਬਾਅਦ ਵਿਜੇ ਦੀ ਜ਼ਿੰਦਗੀ ਇੱਕ ਦਮ ਵਿਰਾਨ ਹੋ ਗਈ ਸੀ ਅਤੇ ਉਹ ਨਿਰਾਸ਼ਾ 'ਚ ਡੁੱਬਿਆ ਹੋਇਆ ਪਤਨੀ ਨੂੰ ਯਾਦ ਕਰਦਾ ਰਹਿੰਦਾ ਸੀ।
ਇੰਨਾ ਪਿਆਰ ਕਰਨ ਵਾਲੀ ਪਤਨੀ ਦੀ ਯਾਦ ਵਿੱਚ ਡੁੱਬੇ ਹੋਏ ਵਿਜੇ ਨੇ ਆਪਣੀ ਪਤਨੀ ਦੀ ਸੰਗਮਰਮਰ ਦੀ ਮੂਰਤੀ ਬਣਵਾਈ। ਇਸ ਮੂਰਤੀ ਨੂੰ ਬਣਵਾਉਣ ਵਿੱਚ ਲਗਭਗ ਡੇਢ ਮਹੀਨੇ ਦਾ ਸਮਾਂ ਲੱਗਿਆ। ਵਿਜੇ ਇਸ ਮੂਰਤੀ ਨੂੰ ਹਮੇਸ਼ਾ ਵੇਖਦਾ ਰਹਿੰਦਾ ਹੈ ਅਤੇ ਮੂਰਤੀ ਨਾਲ ਗੱਲਾਂ ਕਰਦਾਂ ਰਹਿੰਦਾ ਹੈ। ਉਹ ਹਰ ਰੋਜ਼ ਮੂਰਤੀ ਦੀ ਸਫ਼ਾਈ ਕਰਦਾ ਹੈ ਅਤੇ ਉਸ ਦੀ ਦੇਖਭਾਲ ਕਰਦਾ ਹੈ।
ਇੱਥੇ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਇਸ ਮੂਰਤੀ ਨੂੰ ਵੇਖ ਕੇ ਹਿਮਾਚਲ ਦੀ ਇੱਕ ਮਹਿਲਾ ਨੇ ਵਿਜੇ ਨੂੰ ਵਿਆਹ ਲਈ ਆਫ਼ਰ ਦਿੱਤਾ। ਮਹਿਲਾ ਦਾ ਕਹਿਣਾ ਹੈ ਕਿ ਉਹ ਵਿਜੇ ਦੀ ਪਤਨੀ ਵਾਂਗ ਵਿਖਾਈ ਦਿੰਦੀ ਹੈ ਇਸ ਲਈ ਉਹ ਵਿਜੇ ਨਾਲ ਰਹਿਣ ਨੂੰ ਤਿਆਰ ਹੈ ਪਰ ਵਿਜੇ ਨੇ ਮਹਿਲਾ ਦੇ ਇਸ ਆਫ਼ਰ ਨੂੰ ਠੁਕਰਾ ਦਿੱਤਾ।
ਵਿਜੇ ਨੇ ਦੱਸਿਆ ਕਿ ਉਸ ਦਾ ਵਿਆਹ 1972 ਵਿੱਚ ਹੋਇਆ ਸੀ ਉਹ ਦੋਵੇਂ 48 ਸਾਲ ਇਕੱਠੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਦੇਸ਼ ਘੁੰਮਣ ਦੇ ਨਾਲ ਨਾਲ ਵਿਦੇਸ਼ਾਂ ਦੀ ਵੀ ਸੈਰ ਕੀਤੀ। ਇੱਥੇ ਇਹ ਵੀ ਜ਼ਿਕਰ ਕਰ ਦਈਏ ਕਿ ਵਿਜੇ ਨੇ ਆਪਣੀ ਪਤਨੀ ਦਾ ਯਾਦ ਵਿੱਚ ਕਿਤਾਬ ਵੀ ਲਿਖੀ ਹੈ।