ਚੰਡੀਗੜ੍ਹ: ਰੋਹਤਕ ਜੇਲ੍ਹ 'ਚ ਬਲਾਤਕਾਰ ਤੇ ਕਤਲ ਦੇ ਦੋਸ਼ਾਂ 'ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਖੇਤੀ ਕਰਨ ਲਈ ਮੰਗੀ ਹੋਈ ਪੈਰੋਲ ਦੀ ਅਰਜ਼ੀ ਨੂੰ ਹੁਣ ਵਾਪਸ ਲੈ ਲਿਆ ਹੈ। ਰਾਮ ਰਹੀਮ ਦੇ ਵਕੀਲ ਨੇ ਜੇਲ੍ਹ ਪ੍ਰਸ਼ਾਸਨ ਤੋਂ ਦਿੱਤੀ ਹੋਈ 42 ਦਿਨਾਂ ਦੀ ਪੈਰੋਲ ਦੀ ਅਰਜ਼ੀ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਰਾਮ ਰਹੀਮ ਨੇ ਲਿਖਤ ਵਿੱਚ ਬਿਆਨ ਦਿੱਤਾ ਹੈ ਕਿ ਮੈਂ ਆਪਣੀ ਪੈਰੋਲ ਅਰਜ਼ੀ ਵਾਪਸ ਲੈਂਦਾ ਹਾਂ, ਮੈਂ ਪੈਰੋਲ ਨਹੀਂ ਲੈਣਾ ਚਾਹੁੰਦਾ। ਜ਼ਿਕਰਯੋਗ ਹੈ ਕਿ ਰਾਮ ਰਹੀਮ ਨੇ ਜਦੋਂ ਤੋਂ ਪੈਰੋਲ ਦੀ ਮੰਗ ਕੀਤੀ ਹੈ, ਉਸ ਵੇਲੇ ਤੋਂ ਹੀ ਉਨ੍ਹਾਂ ਦਾ ਕੜਾ ਵਿਰੋਧ ਕੀਤਾ ਜਾ ਰਿਹਾ ਸੀ। ਦੱਸ ਦਈਏ ਕਿ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਅਗਸਤ 2017 ਤੋਂ ਬੰਦ ਹੈ।
ਇਹ ਵੀ ਪੜ੍ਹੋ: ਰਾਮ ਰਹੀਮ ਆਵੇਗਾ ਜੇਲ੍ਹ ਤੋਂ ਬਾਹਰ!
ਰਾਮ ਰਹੀਮ ਨੇ ਖੇਤੀ ਦਾ ਹਵਾਲਾ ਦੇ ਕੇ ਪੈਰੋਲ ਮੰਗੀ ਸੀ ਪਰ ਸਾਹਮਣੇ ਇਹ ਆਇਆ ਸੀ ਕਿ ਨਾ ਤਾਂ ਉਹ ਕਿਸਾਨ ਹਨ ਤੇ ਨਾ ਹੀ ਉਹ ਖੇਤੀ ਲਾਇਕ ਜ਼ਮੀਨ ਦੇ ਮਾਲਕ ਹਨ। ਇੱਕ ਮਨੁੱਖੀ ਅਧਿਕਾਰ ਸੰਗਠਨ ਨੇ ਵੀ ਹਾਈ ਕੋਰਟ ਤਕ ਪਹੁੰਚ ਕਰਨ ਦੀ ਗੱਲ ਕਹੀ ਸੀ।