ਚੰਡੀਗੜ੍ਹ: ਫ਼ਤਿਹਵੀਰ ਨੂੰ ਬੋਰਵੈਲ ਵਿੱਚੋਂ ਕੱਢਣ ਲਈ ਬਚਾਅ ਕਾਰਜ ਪੰਜਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ ਪਰ ਅਜੇ ਤੱਕ ਪਰਿਵਾਰ ਵਾਲਿਆਂ ਦੀਆਂ ਉਮੀਦਾਂ ਨੂੰ ਬੂਰ ਨਹੀਂ ਪਿਆ। ਪ੍ਰਸ਼ਾਸਨ ਦੀ ਇਸ ਢਿੱਲੀ ਕਾਰਗੁਜ਼ਾਰੀ ਤੋਂ ਤੰਗ ਆਏ ਲੋਕਾਂ ਨੇ ਸੜਕਾਂ 'ਤੇ ਆ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਜਿੱਥੇ ਇੱਕ ਪਾਸੇ ਪੂਰਾ ਪੰਜਾਬ 2 ਸਾਲਾ ਫ਼ਤਿਹਵੀਰ ਨੂੰ ਬਚਾਉਣ ਲਈ ਅਰਾਦਾਸਾਂ ਕਰ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸੂਬੇ ਦੀ ਕਮਾਨ ਸਾਂਭੀ ਬੈਠੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਾਬਤ ਕੋਈ ਬਿਆਨ ਨਹੀਂ ਦਿੱਤਾ ਤੇ ਨਾ ਹੀ ਪ੍ਰਸ਼ਾਸਨ ਨੂੰ ਕੋਈ ਖ਼ਾਸ ਨਿਰਦੇਸ਼ ਦਿੱਤੇ। ਅਜੋਕੇ ਵੇਲੇ ਵੀ ਮੁੱਖ ਮੰਤਰੀ ਲਈ ਕਮੇਟੀਆਂ ਬਣਾਉਣ ਤੇ ਨਵਜੋਤ ਸਿੰਘ ਸਿੱਧੂ ਨਾਲ ਆਡੇ ਲੈਣ ਤੋਂ ਬਿਨਾਂ ਹੋਰ ਕੋਈ ਕੰਮ ਜ਼ਰੂਰੀ ਨਹੀਂ ਜਾਪਦਾ।
ਸੜਕਾਂ 'ਤੇ ਉਤਰੇ ਲੋਕ
ਮੁੱਖ ਮੰਤਰੀ ਦੀ ਇਸ ਅਣਗਿਹਲੀ ਵਿਰੁੱਧ ਲੋਕਾਂ ਦਾ ਰੋਹ ਹੁਣ ਸੜਕਾਂ 'ਤੇ ਆ ਗਿਆ ਹੈ। ਲੋਕ ਹੁਣ ਸੜਕਾਂ 'ਤੇ ਆ ਕੇ ਸਰਕਾਰ ਦਾ ਵਿਰੋਧ ਕਰ ਰਹੇ ਹਨ। ਇਸ ਲਈ ਪੁਲਿਸ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ।
ਹੋਰ ਪੜ੍ਹੋ: ਫ਼ਤਿਹਵੀਰ ਲਈ ਸੜਕਾਂ 'ਤੇ ਆਏ ਲੋਕ
ਲੋਕਾਂ ਦਾ ਇਲਜ਼ਾਮ ਹੈ ਕਿ ਫ਼ਤਿਹਵੀਰ ਨੂੰ ਬੋਰਵੈਲ 'ਚੋਂ ਬਾਹਰ ਕੱਢਣ ਲਈ ਨਾ ਤਾਂ ਸੂਬਾ ਸਰਕਾਰ ਨੇ ਅਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਸੰਜ਼ੀਦਗੀ ਵਿਖਾਈ ਹੈ। ਬੱਚੇ ਨੂੰ ਬਾਹਰ ਕੱਢਣ ਲਈ ਐਨਡੀਆਰਐਫ਼ ਦੀਆਂ ਟੀਮਾਂ ਲਾਈਆਂ ਗਈਆਂ ਹਨ ਪਰ ਉਨ੍ਹਾਂ ਨੂੰ ਵੀ ਇੰਨਾ ਟਾਇਮ ਲੱਗ ਰਿਹਾ ਜਿਸ ਕਰਕੇ ਉਨ੍ਹਾਂ ਦੀ ਕਾਰਗੁਜ਼ਾਰੀ 'ਤੇ ਵੀ ਸਵਾਲਿਆ ਨਿਸ਼ਾਨ ਹਨ।
13 ਸਾਲਾ 'ਚ ਨਹੀਂ ਸਿੱਖਿਆ ਕੋਈ ਸਬਕ
13 ਸਾਲ ਪਹਿਲਾਂ ਹਰਿਆਣਾ ਵਿੱਚ ਇੱਕ ਬੱਚਾ ਬੋਰਵੈਲ ਵਿੱਚ ਡਿੱਗ ਗਿਆ ਸੀ ਜਿਸ ਨੂੰ ਬਾਹਰ ਕੱਢਣ ਲਈ 4 ਦਿਨ ਲੱਗੇ ਸਨ। 13 ਸਾਲਾਂ ਬਾਅਦ ਵੀ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਪ੍ਰਬੰਧਾਂ ਦੀ ਕਮੀ ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲ ਚੁਕਦੀਆਂ ਹਨ।
ਕਦੋਂ ਰੁਕਣਗੀਆਂ ਅਜਿਹੀਆਂ ਘਟਨਾਵਾਂ
ਇੱਕ ਪਾਸੇ ਤਾਂ ਦੇਸ਼ ਦੇ ਵਜ਼ੀਰ ਨਰਿੰਦਰ ਮੋਦੀ ਦੇਸ਼ ਨੂੰ ਡਿਜੀਟਲ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ ਪਰ ਉਨ੍ਹਾਂ ਕੋਲੋ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਢੁੱਕਵਾਂ ਪ੍ਰਬੰਧ ਨਹੀਂ ਹੈ। ਪਿਛਲੇ ਮਹੀਨੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸੂਬੇ ਦੇ ਇੱਕ ਸ਼ਹਿਰ ਵਿੱਚ ਇੰਸਟੀਚਿਊਟ ਦੀ ਬਿਲਡਿੰਗ ਨੂੰ ਅੱਗ ਲੱਗ ਜਾਂਦੀ ਹੈ ਉੱਥੇ ਵੀ ਸਰਕਾਰ ਕੋਲ ਅਜਿਹੀਆਂ ਆਪਦਾਵਾਂ ਨਾਲ ਨਜਿੱਠਣ ਲਈ ਕੋਈ ਖ਼ਾਸ ਪ੍ਰਬੰਧ ਨਾ ਹੋਣ ਕਰਕੇ 20 ਦੇ ਕਰੀਬ ਬੱਚੇ ਜ਼ਿੰਦਾ ਸੜ ਗਏ ਸਨ।