ਚੰਡੀਗੜ੍ਹ: ਆਉਣ ਵਾਲੇ ਦੋ ਦਿਨਾਂ ਉੱਤਰੀ ਭਾਰਤ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਪੰਜਾਬ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਆਗਮੀ ਦੋ ਦਿਨਾਂ ਵਿੱਚ ਪੰਜਾਬ, ਹਰਿਆਣਾ ਸਣੇ ਚੰਡੀਗੜ੍ਹ 'ਚ ਕਈ ਥਾਵਾਂ ਉੱਤੇ ਮੀਂਹ ਪੈਣ ਦੇ ਆਸਾਰ ਹਨ। ਉਨ੍ਹਾਂ ਦੱਸਿਆ ਕਿ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਮਾਨਸੂਨ ਉੱਤਰੀ ਭਾਰਤ 'ਚ ਦਸਤਕ ਦੇ ਸਕਦਾ ਹੈ। ਇਸ ਤੋਂ ਪਹਿਲਾਂ ਪ੍ਰੀ-ਮਾਨਸੂਨ ਮੀਂਹ ਨਾਲ ਲੋਕਾਂ ਨੂੰ ਰਾਹਤ ਮਿਲੇਗੀ।
ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ, ਗੁਰਦਾਪੁਰ, ਜਲੰਧਰ, ਹਰਿਆਣਾ ਦੇ ਸਿਰਸਾ, ਫ਼ਤਿਹਾਬਾਦ, ਮਹਿੰਦਰਗੜ੍ਹ ਦੇ ਕਈ ਇਲਾਕਿਆਂ ਸਣੇ ਚੰਡੀਗੜ੍ਹ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੂਬੇ ਵਿੱਚ ਵੱਧ ਗਰਮੀ ਦੇ ਕਾਰਨ ਤਾਪਮਾਨ 45 ਤੋਂ 48 ਡਿਗਰੀ ਤੱਕ ਪਹੁੰਚ ਗਿਆ ਸੀ।