ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਸਰਕਾਰ ਅਕਸਰ ਦਿੱਲੀ 'ਚ ਸਕੂਲਾਂ ਦੇ ਪ੍ਰਬੰਧ ਬਾਰੇ ਦਾਅਵਾ ਕਰਦੀ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਸਕੂਲੀ ਸਿੱਖਿਆ ਦੇ ਢਾਂਚੇ 'ਚ ਬਹੁਤ ਸੁਧਾਰ ਕੀਤਾ ਹੈ ਪਰ ਸਰਕਾਰ ਦੇ ਇਹ ਫੋਕੇ ਦਾਅਵੇ ਇੱਥੋ ਸਾਬਤ ਹੋ ਰਹੇ ਹਨ ਕਿ ਦਿੱਲੀ ਦੇ ਬਹੁਤ ਸਾਰਿਆਂ ਸਕੂਲਾਂ 'ਚ ਪੰਜਾਬੀ ਅਤੇ ਉਰਦੂ ਅਧਿਆਪਕਾਂ ਦੇ ਅਹੁਦੇ ਖ਼ਾਲੀ ਪਏ ਹਨ।
ਦਿੱਲੀ ਵਿੱਚ ਉਰਦੂ ਅਤੇ ਪੰਜਾਬੀ ਨੂੰ ਦੂਜੀ ਭਾਸ਼ਾ ਹੋਣ ਦਾ ਮਾਣ ਹਾਸਲ ਹੈ ਪਰ ਸਰਕਾਰ ਸਕੂਲਾਂ ਵਿੱਚ ਇਨ੍ਹਾਂ ਦੇਹਾਂ ਭਾਸ਼ਾਵਾਂ ਦੇ ਅਧਿਆਪਕ ਮੁਹਈਆ ਨਹੀਂ ਕਰਵਾ ਰਹੀ।
ਦਿੱਲੀ ਦੇ 794 ਸਕੂਲਾਂ ਵਿੱਚ ਉਰਦੂ ਦੇ ਅਧਿਆਪਕਾਂ ਦੇ 650 ਤੋਂ ਜ਼ਿਆਦਾ ਅਤੇ 1001 ਸਕੂਲਾਂ ਵਿੱਚ ਪੰਜਾਬੀ ਦੇ ਅਧਿਆਪਕਾਂ ਦੇ 750 ਤੋਂ ਜ਼ਿਆਦਾ ਅਹੁਦੇ ਖ਼ਾਲੀ ਪਏ ਹਨ। ਸਿਰਫ਼ 300 ਸਕੂਲਾਂ ਵਿੱਚ ਉਰਦੂ ਅਤੇ 305 ਸਕੂਲਾਂ ਹੀ ਪੰਜਾਬੀ ਪੜ੍ਹਾਈ ਜਾ ਰਹੀ ਹੈ।
ਦਿੱਲੀ ਸਰਕਾਰ ਦੇ 794 ਸਕੂਲਾਂ ਵਿੱਚ ਟੀਜੀਟੀ ਉਰਦੂ ਦੇ 1029 ਅਤੇ 1001 ਸਕੂਲਾਂ ਵਿੱਚ ਟੀਜੀਟੀ ਪੰਜਾਬੀ ਦੇ 1024 ਅਹੁਦੇ ਮਨਜ਼ੂਰਸ਼ੁਦਾ ਹਨ ਪਰ ਉਰਦੂ ਦੇ 669 ਅਹੁਦੇ ਖ਼ਾਲੀ ਹਨ ਜਦਕਿ ਪੰਜਾਬੀ ਦੇ 791 ਅਹੁਦੇ ਖ਼ਾਲੀ ਪਏ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਪੰਜਾਬ 'ਚ ਵਿਰੋਧੀ ਧਿਰ ਹੈ। ਇੱਕ ਪਾਸੇ ਕੇਜਰੀਵਾਲ ਪੰਜਾਬ ਦੇ ਪੰਜਾਬੀ ਦੇ ਹਿਤੈਸ਼ੀ ਅਖਵਾਉਂਦੇ ਹਨ ਪਰ ਦਿੱਲੀ ਦੇ ਸਕੂਲਾਂ ਵਿੱਚ ਪੰਜਾਬੀ ਦੇ ਅਧਿਆਪਕਾਂ ਦੇ ਅਹੁਦੇ ਖ਼ਾਲੀ ਪਏ ਹਨ।