ਚੰਡੀਗੜ੍ਹ: ਮੋਹਾਲੀ 'ਚ ਲੱਗੇ ਨਵਜੋਤ ਸਿੰਘ ਸਿੱਧੂ ਦੇ ਪੋਸਟਰਾਂ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਹਨ। ਸ਼੍ਰੋਮਮੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਵੀ ਇਸ 'ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਨੂੰ ਮਖੌਲ ਕਰਨਾ ਭਾਰੀ ਪਿਆ ਹੈ ਹੁਣ ਜਾਂ ਤਾਂ ਉਹ ਅਸਤੀਫ਼ਾ ਦੇਵੇ ਜਾਂ ਫਿਰ ਲੋਕਾਂ ਤੋਂ ਮੁਆਫ਼ੀ ਮੰਗੇ।
ਦੂਜੇ ਪਾਸੇ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਇਹ ਪੋਸਟਰ ਖੁਦ ਕੈਪਟਨ ਨੇ ਹੀ ਲਗਵਾਏ ਹਨ ਕੈਪਟਨ ਨਹੀਂ ਚਾਹੁੰਦੇ ਕਿ ਸਿੱਧੂ ਉੱਪਰ ਉੱਠਣ ਜਿਸ ਕਾਰਨ ਕੈਪਟਨ ਹੀ ਉਨ੍ਹਾਂ ਵਿਰੁੱਧ ਹੋਏ ਹਨ। ਹੋਰ ਮੰਤਰੀਆਂ ਵੱਲੋਂ ਵੀ ਸਿੱਧੂ ਨੂੰ ਦਬਾਇਆ ਜਾ ਰਿਹਾ ਹੈ ਤੇ ਸਿੱਧੂ ਦਾ ਬਠਿੰਡਾ ਵਿੱਚ ਦਿੱਤਾ ਗਿਆ ਬਿਆਨ ਵੀ ਸਹੀ ਸੀ।
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਹਾਰਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪੂਰੇ ਦੇਸ਼ ਦੇ ਸਟਾਰ ਪ੍ਰਚਾਰਕ ਸੀ ਅਤੇ ਉਨ੍ਹਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਬਿਆਨਬਾਜ਼ੀਆਂ ਸਾਹਮਣੇ ਆਉਂਦੀਆਂ ਸੀ ਪਰ ਬਠਿੰਡਾ ਵਿੱਚ ਦਿੱਤੇ ਇਕ ਬਿਆਨ ਨੇ ਸਿੱਧੂ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਸਿੱਧੂ ਦਾ ਪਹਿਲਾਂ ਤਾਂ ਮੰਤਰਾਲਾ ਬਦਲ ਦਿੱਤਾ ਗਿਆ ਜਿਸ ਉਸ ਤੋਂ ਬਾਅਦ ਬਿਜਲੀ ਮੰਤਰਾਲੇ ਤੋਂ ਨਾਖ਼ੁਸ਼ ਹੋ ਕੇ ਕੇਂਦਰ ਕੋਲ ਪਹੁੰਚ ਗਏ।
ਇਸ ਤੋਂ ਬਾਅਦ ਗੱਲ ਚੱਲੀ ਕਿ ਸਿੱਧੂ ਨੂੰ ਦੇਸ਼ ਵਿੱਚੋਂ ਕਾਂਗਰਸ ਦਾ ਕੋਈ ਅਹੁਦਾ ਦੇ ਦਿੱਤਾ ਜਾਵੇਗਾ ਜੋ ਕਿ ਪ੍ਰਿਯੰਕਾ ਗਾਂਧੀ ਦੇ ਮੁਕਾਬਲੇ ਦਾ ਹੋਵੇਗਾ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੁਆਰਾ ਹੀ ਤਿੱਖੀ ਬਿਆਨਬਾਜ਼ੀ ਵੀ ਠੰਡੀ ਪੈ ਗਈ। ਸਿੱਧੂ ਵਿਰੁੱਧ ਇਹ ਪੋਸਟਰ ਕੋਈ ਨਵੇਂ ਨਹੀਂ ਲੱਗੇ ਪਹਿਲਾਂ ਵੀ ਲੁਧਿਆਣਾ 'ਚ ਇਹੋ ਜਿਹੇ ਪੋਸਟਰ ਉਨ੍ਹਾਂ ਵਿਰੁੱਧ ਲਗਾਏ ਗਏ ਸਨ।
ਦੱਸ ਦਈਏ ਕਿ ਮੁਹਾਲੀ ਵਿੱਚ ਲੱਗੇ ਪੋਸਟਰਾਂ ਵਿੱਚ ਕਿਹਾ ਗਿਆ ਹੈ ਕਿ ਸਿੱਧੂ ਆਪਣੀ ਰਾਜਨੀਤੀ ਛੱਡ ਦੇਣ ਕਿਉਂਕਿ ਸਿੱਧੂ ਨੇ ਅਮੇਠੀ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਕਿ ਜੇ ਰਾਹੁਲ ਗਾਂਧੀ ਅਮੇਠੀ ਤੋਂ ਨਹੀਂ ਜਿੱਤਦੇ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਇਸ ਤੋਂ ਬਾਅਦ ਸਿੱਧੂ ਦੇ ਆਪਣੇ ਕੁਝ ਵਿਰੋਧੀ ਅਤੇ ਦੂਜੀਆਂ ਪਾਰਟੀਆਂ ਦੇ ਵਿਰੋਧੀ ਮੰਗ ਕਰ ਰਹੇ ਹਨ ਕਿ ਸਿੱਧੂ ਰਾਜਨੀਤੀ ਛੱਡਣ।