ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਾਜ ਸਟੋਰੇਜ਼ ਲਈ ਸੂਬੇ 'ਚ 20 ਐੱਲਐੱਮਟੀ ਦੀ ਸਮਰੱਥਾ ਵਾਲੇ ਗੋਦਾਮ ਬਨਾਉਣ ਦੀ ਇਜਾਜ਼ਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ) ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਵੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਿਛਲੇ ਕੁੱਝ ਸੀਜ਼ਨਾਂ ਦੌਰਾਨ ਫ਼ਸਲਾਂ ਅਤੇ ਅਨਾਜ ਦੀ ਹੌਲੀ ਰਫ਼ਤਾਰ ਕਾਰਨ ਢੁੱਕਵੇਂ ਸਟੋਰੇਜ ਸਪੇਸ ਦੀ ਕਮੀ ਹੋਈ ਹੈ। ਜਿਸ ਕਾਰਨ ਸੂਬੇ 'ਚ 280 ਐੱਲਐੱਮਟੀ ਵਿੱਚੋਂ 100 ਐੱਲਐੱਮਟੀ ਤੋਂ ਜ਼ਿਆਦਾ ਕਣਕ ਖੁੱਲ੍ਹੀ ਥਾਂ ਹੀ ਪਈ ਹੋਈ ਹੈ।
ਉਨ੍ਹਾਂ ਕਿਹਾ ਕਿ ਇਸ ਸਾਲ ਬੈਮੌਸਮੀ ਬਰਸਾਤ ਕਾਰਨ ਸਥਿਤੀ ਖ਼ਰਾਬ ਹੋ ਗਈ ਸੀ ਜਿਸ ਕਾਰਨ ਕਾਫ਼ੀ ਨੁਕਸਾਨ ਹੋਇਆ ਸੀ। ਭਾਰਤੀ ਖੁਰਾਕ ਨਿਗਮ ਨੇ ਸੂਬੇ 'ਚ 21 ਐੱਲਐੱਮਟੀ ਦੀ ਵਾਧੂ ਸਿਲੋ ਸਮਰੱਥਾ ਵਾਲੇ ਰੇਲਵੇ ਸਾਇਡਿੰਗਜ਼ ਦੇ ਨਿਰਮਾਣ ਨੂੰ ਮਨਜੂਰੀ ਦਿੱਤੀ ਸੀ। ਇਸਦੀ ਉਸਾਰੀ ਲਈ 4-5 ਸਾਲ ਜਾਂ ਇਸ ਤੋਂ ਵੱਧ ਸਮਾਂ ਲੱਗ ਸਕਦਾ ਹੈ। ਢੁਕਵੇਂ ਭੰਡਾਰਣ ਦੀ ਘਾਟ ਕਾਰਨ ਆਉਣ ਵਾਲੇ ਮੌਸਮ ਵਿਚ ਕਣਕ ਨੂੰ ਨੁਕਸਾਨ ਹੋ ਸਕਦਾ ਹੈ।
ਇਸ ਲਈ ਸੂਬਾ ਸਰਕਾਰ ਅਗਲੇ ਰਬੀ ਸੀਜ਼ਨ ਲਈ ਢੁਕਵੀਂ ਵਿਗਿਆਨਕ ਸਟੋਰੇਜ ਸਪੇਸ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਸਮੇਂ ਦੇ ਵਿਰੁੱਧ ਚੱਲ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ਨੂੰ ਹੱਲ ਕਰਨ ਲਈ ਦਖ਼ਲ ਦੇਣ ਦੀ ਅਪੀਲ ਕੀਤੀ ਹੈ।