ਚੰਡੀਗੜ੍ਹ: ਪੰਜਾਬ ਚੋਣ ਕਮਿਸ਼ਨ ਜਗਪਾਲ ਸਿੰਘ ਸੰਧੂ ਨੇ ਨਗਰ ਪੰਚਾਇਤ ਤਲਵਾੜਾ ਅਤੇ ਭਾਦਸੋਂ ਦੀਆਂ ਨਗਰ ਨਿਗਮ ਅਤੇ ਮਿਊਂਸਪਲ ਕੌਂਸਲ ਅਤੇ ਨਗਰ ਪੰਚਾਇਤ ਦੇ 18 ਵਾਰਡਾਂ ਦੀਆਂ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਚੋਣਾਂ ਵਿੱਚ ਆਉਣ ਵਾਲੇ ਇਲਾਕਿਆਂ ਵਿੱਚ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਹੈ ਜੋ ਕਿ ਵੋਟਾਂ ਪੂਰੀਆਂ ਹੋਣ ਤੱਕ ਮੁਕੰਮਲ ਜਾਰੀ ਰਹੇਗਾ।
ਸੰਧੂ ਨੇ ਕਿਹਾ ਕਿ ਇਸ ਸਬੰਧੀ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰੀਕ੍ਰਿਆ 4 ਜੂਨ ਤੋਂ ਸ਼ੁਰੂ ਹੋ ਜਾਵੇਗੀ ਅਤੇ 11 ਜੂਨ ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 12 ਜੂਨ ਨੂੰ ਹੋਵੇਗੀ ਅਤੇ 13ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਇਸੇ ਦਿਨ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।
ਇਹ ਚੋਣਾਂ 21 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਇਸੇ ਦਿਨ ਹੀ ਵੋਟਾਂ ਦੀ ਗਿਣਤੀ ਕਰ ਕੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ।
ਸੰਧੂ ਨੇ ਦੱਸਿਆ ਕਿ ਜ਼ਿਮਨੀ ਚੋਣਾਂ ਨਗਰ ਨਿਗਮ ਅੰਮ੍ਰਿਤਸਰ ਦੇ ਵਾਰਡ ਨੰ. 50 ਤੇ 71, ਨਗਰ ਨਿਗਮ ਬਠਿੰਡਾ ਦੇ ਵਾਰਡ ਨੰ. 30, ਨਗਰ ਨਿਗਮ ਫਗਵਾੜਾ ਦੇ ਵਾਰਡ ਨੰ. 30 ਤੇ 35, ਨਗਰ ਨਿਗਮ ਮੋਗਾ ਦੇ ਵਾਰਡ ਨੰ. 20, ਨਗਰ ਕੌਂਸਲ ਉੜਮੁੜ ਟਾਂਡਾ ਦੇ ਵਾਰਡ ਨੰ. 4, ਨਗਰ ਕੌਂਸਲ ਸੰਗਰੂਰ ਦੇ ਵਾਰਡ ਨੰ.23, ਨਗਰ ਕੌਂਸਲ ਧੂਰੀ ਦੇ ਵਾਰਡ ਨੰ. 6, ਨਗਰ ਕੌਂਸਲ ਮਲੇਰਕੋਟਲਾ ਵਾਰਡ ਨੰ. 29, ਨਗਰ ਕੌਂਸਲ ਧਾਰੀਵਾਲ ਦੇ ਵਾਰਡ ਨੰ. 2, ਨਗਰ ਕੌਂਸਲ ਦੋਰਾਹਾ ਦੇ ਵਾਰਡ ਨੰ. 4, ਨਗਰ ਕੌਂਸਲ ਬੁਢਲਾਢਾ ਦੇ ਵਾਰਡ ਨੰ. 18, ਨਗਰ ਕੌਂਸਲ ਢਿੱਲਵਾਂ ਦੇ ਵਾਰਡ ਨੰ. 2 ਤੇ 11, ਨਗਰ ਕੌਂਸਲ ਫਿਰੋਜਪੁਰ ਦੇ ਵਾਰਡ ਨੰ. 8, ਨਗਰ ਕੌਂਸਲ ਅਬੋਹਰ ਦੇ ਵਾਰਡ ਨੰ. 22 ਅਤੇ ਨਗਰ ਪੰਚਾਇਤ ਲੋਹੀਆਂ ਖ਼ਾਸ ਦੇ ਵਾਰਡ ਨੰ. 6 ਵਿਖੇ ਹੋਣਗੀਆਂ।