ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਆਗੂਆਂ ਵਿਰੁੱਧ ਧਰਨੇ ਦੇਣ ਦਾ ਫ਼ੈਸਲਾ ਕੀਤਾ ਹੈ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਇਸ ਦੀ ਜਾਣਕਾਰੀ ਦਿੰਦੇ ਹੋਇਆ ਕਿਹਾ ਕਿ ਇਹ ਫ਼ੈਸਲਾ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰਾਂ ਦੀ ਮਦਦ ਲਈ ਇੱਕ 6 ਮੈਂਬਰੀ ਐਕਸ਼ਨ ਗਰੁੱਪ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਕਿਸਾਨਾਂ ਨੂੰ ਲੋੜੀਂਦੀ ਬਿਜਲੀ ਦੇਣ ਅਤੇ ਦਲਿਤ ਵਿਦਿਆਰਥੀਆਂ ਦੇ ਬਕਾਇਆ ਦਲਿਤ ਵਜ਼ੀਫੇ ਤੁਰੰਤ ਜਾਰੀ ਕਰਨ ਵਾਸਤੇ ਸਰਕਾਰ ਨੂੰ ਮਜਬੂਰ ਕਰਨ ਲਈ 3 ਧਰਨੇ ਦੇਣ ਦਾ ਫੈਸਲਾ ਵੀ ਕੀਤਾ ਹੈ।
ਡਾ. ਚੀਮਾ ਨੇ ਕਿਹਾ ਕਿ ਕਿਸੇ ਵੀ ਥਾਂ ਲੋੜ ਪੈਣ ਉਤੇ ਇਸ ਐਕਸ਼ਨ ਗਰੁੱਪ ਨੂੰ ਤੁਰੰਤ ਵਰਕਰਾਂ ਦੀ ਮਦਦ ਲਈ ਪੁੱਜਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਖ਼ਿਲਾਫ ਝੂਠੇ ਪਰਚੇ ਦਰਜ ਕੀਤੇ ਜਾਣ 'ਤੇ ਇਹ ਗਰੁੱਪ ਨਾ ਸਿਰਫ਼ ਉਨ੍ਹਾਂ ਦੇ ਹੱਕ ਵਿੱਚ ਸਮਰਥਨ ਲਈ ਜੁਟਾਏਗਾ, ਸਗੋਂ ਉਹਨਾਂ ਨੂੰ ਕਾਨੂੰਨੀ ਮੱਦਦ ਵੀ ਕਰੇਗਾ। ਚੀਮਾ ਨੇ ਕਿਹਾ ਕਿ ਇਸ ਐਕਸ਼ਨ ਗਰੁੱਪ 'ਚ ਬਲਵਿੰਦਰ ਸਿੰਘ ਭੂੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਗੁਲਜ਼ਾਰ ਸਿੰਘ ਰਣੀਕੇ ਅਤੇ ਬਲਦੇਵ ਸਿੰਘ ਮਾਨ ਨੂੰ ਸ਼ਾਮਿਲ ਕੀਤਾ ਗਿਆ ਹੈ।
ਡਾ. ਚੀਮਾ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਲਈ ਲੋੜੀਂਦੀ ਬਿਜਲੀ ਦੀ ਸਪਲਾਈ ਦੀ ਮੰਗ ਕਰਨ ਲਈ 11 ਜੁਲਾਈ ਨੂੰ ਮੋਗਾ, 17 ਜੁਲਾਈ ਨੂੰ ਗੁਰਦਾਸਪੁਰ ਅਤੇ 24 ਜੁਲਾਈ ਨੂੰ ਪਟਿਆਲਾ ਵਿਖੇ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਸਰਕਾਰ ਕੋਲੋਂ ਗਰੀਬ ਖਪਤਕਾਰਾਂ ਨੂੰ ਗਲਤੀ ਨਾਲ ਭੇਜੇ ਬਿਜਲੀ ਦੇ ਮੋਟੇ ਬਿਲਾਂ ਉੱਤੇ ਨਜ਼ਰਸਾਨੀ ਕਰਨ ਵੀ ਮੰਗ ਕੀਤੀ ਜਾਵੇਗੀ। ਚੀਮਾ ਨੇ ਇਸ ਤੋਂ ਇਲਾਵਾ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਜਾਵੇਗਾ ਕਿ ਸਰਕਾਰ ਦੀ ਕਾਲਜਾਂ ਨੂੰ ਵਜ਼ੀਫੇ ਦੀ ਰਾਸ਼ੀ ਦੇਣ ਵਿਚ ਨਾਕਾਮੀ ਕਰਕੇ ਕਿਸੇ ਵੀ ਦਲਿਤ ਵਿਦਿਆਰਥੀ ਨੂੰ ਕਾਲਜ ਵਿਚ ਕਲਾਸਾਂ ਲਾਉਣ ਜਾਂ ਪ੍ਰੀਖਿਆ ਵਿਚ ਬੈਠਣ ਤੋਂ ਨਾ ਰੋਕਿਆ ਜਾਵੇ।