ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜਲੰਧਰ ਤੋਂ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਉਮੀਦਵਾਰ ਵਜੋਂ ਐਲਾਨਿਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਵਜੋਂ ਐਲਾਨ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਦੀ ਰਾਖਵੀਂ ਸੀਟ ਲਈ ਅਕਾਲੀ ਦਲ ਦੇ ਦਾਅਵੇਦਾਰਾਂ ਵਿੱਚੋਂ ਚਰਨਜੀਤ ਸਿੰਘ ਅਟਵਾਲ ਦਾ ਨਾਂਅ ਮੋਹਰੀਆਂ ਵਿੱਚ ਸੀ ਜਿਸ 'ਤੇ ਅੱਜ ਪਾਰਟੀ ਨੇ ਮੋਹਰ ਲਾ ਦਿੱਤੀ ਹੈ।
ਦੱਸਣਾ ਬਣਦਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਲਈ ਅਕਾਲੀ ਦਲ ਨੇ ਪਵਨ ਟੀਨੂੰ ਨੂੰ ਉਮੀਦਵਾਰ ਵਜੋਂ ਚੋਣ ਅਖਾੜੇ ਵਿੱਚ ਉਤਾਰਿਆ ਸੀ ਜੋ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਤੋਂ ਹਾਰ ਗਏ ਸਨ।
ਇਹ ਵੀ ਜ਼ਿਕਰ ਦਈਏ ਕਿ ਚਰਨਜੀਤ ਸਿੰਘ ਅਟਵਾਲ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਵਿੱਚੋਂ ਇੱਕ ਹਨ। 81 ਸਾਲਾ ਅਟਵਾਲ ਐਮਰਜੈਂਸੀ ਦੇ ਦਿਨ੍ਹਾਂ ਵਿੱਚ ਜੇਲ੍ਹ ਕੱਟ ਚੁੱਕੇ ਹਨ। ਅਟਵਾਲ 14ਵੀਆਂ ਲੋਕ ਸਭਾ ਚੋਣਾਂ ਲਈ ਫਿਲੌਰ ਸੀਟ ਤੋਂ ਐਮਪੀ ਚੁਣੇ ਗਏ ਸਨ। ਇਸ ਦੇ ਨਾਲ ਹੀ ਉਹ 1997-2002 ਅਤੇ 2012-17 ਤੱਕ ਵਿਧਾਨ ਸਭਾ ਦੇ ਸਪੀਕਰ ਰਹੇ। ਇਨ੍ਹਾਂ ਹੀ ਨਹੀਂ 2004-09 ਤੱਕ ਲੋਕ ਸਭਾ ਦੇ ਡਿਪਟੀ ਸਪੀਕਰ ਵੀ ਰਹੇ।
ਇਸ ਸੀਟ ਲਈ ਇਹ ਕਿਆਸਰਾਈਆਂ ਹਨ ਕਿ ਕਾਂਗਰਸ ਮੌਜੂਦਾ ਸਾਂਸਦ ਤੇ ਦੁਬਾਰਾ ਦਾਅ ਖੇਡੇਗੀ। ਇਸ ਤੇ ਅਕਾਲੀ ਦਲ ਨੇ ਚਰਨਜੀਤ ਸਿੰਘ ਅਟਵਾਲ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਬਲਵਿੰਦਰ ਕੁਮਾਰ ਨੂੰ ਉਮੀਦਵਾਰ ਵਜੋਂ ਐਲਾਨਿਆ ਹੈ।