ਤਲਵੰਡੀ ਸਾਬੋ: ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਰਾਈਆ ਦੇ ਇੱਕ ਘਰ ਵਿੱਚ ਮੁੰਡੇ ਦੀ ਮਨਾਈ ਜਾ ਰਹੀ ਲੋਹੜੀ ਮੌਕੇ ਉਸ ਸਮੇਂ ਖੁਸ਼ੀਆਂ ਗਮ ਵਿੱਚ ਬਦਲ ਗਈਆਂ ਜਦੋਂ ਰਿਸ਼ਤੇਦਾਰੀ ਵਿੱਚੋਂ ਆਏ ਇੱਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਹਰਜੀਤ ਸਿੰਘ (23 ਸਾਲ) ਆਪਣੇ ਚਾਚੇ ਗੁਰਸੇਵਕ ਸਿੰਘ ਵਾਸੀ ਪੱਕਾ ਸ਼ਹੀਦਾਂ (ਹਰਿਆਣਾ) ਨਾਲ ਪਿੰਡ ਰਾਈਆ ਵਿਖੇ ਮੁੰਡੇ ਦੀ ਪਹਿਲੀ ਲੋਹੜੀ ਦੇ ਸਮਾਗਮ ਵਿੱਚ ਆਇਆ ਸੀ। ਬੀਤੀ ਰਾਤ ਜਦੋਂ ਸਮਾਗਮ ਚੱਲ ਰਿਹਾ ਸੀ ਤਾਂ ਗੁਰਸੇਵਕ ਸਿੰਘ ਦੇ ਮਾਮੇ ਸੁਰਜੀਤ ਸਿੰਘ ਦੇ ਨਾਲ ਲੱਗਦੇ ਘਰ ਵਿੱਚ ਹਰਜੀਤ ਸਿੰਘ ਤੇ ਮਾਮਾ ਸੁਰਜੀਤ ਸਿੰਘ ਪਿਸ਼ਾਬ ਕਰਨ ਚਲੇ ਗਏ। ਗੁਰਸੇਵਕ ਸਿੰਘ ਅਨੁਸਾਰ ਸੁਰਜੀਤ ਸਿੰਘ ਨੇ ਪਿਸ਼ਾਬ ਕਰਨ ਸਮੇਂ ਆਪਣਾ 22ਬੋਰ ਰਿਵਾਲਵਰ ਹਰਜੀਤ ਸਿੰਘ ਨੂੰ ਫੜ੍ਹਾ ਦਿੱਤਾ। ਉਸ ਸਮੇਂ ਜਦੋਂ ਹਰਜੀਤ ਸਿੰਘ ਰਿਵਾਲਵਰ ਨੂੰ ਚੈਕ ਕਰਨ ਲੱਗਾ ਤਾਂ ਅਚਾਨਕ ਉਸ ਵਿੱਚੋਂ ਗੋਲੀ ਚੱਲ ਗਈ। ਜੋ ਹਰਜੀਤ ਸਿੰਘ ਦੀ ਛਾਤੀ ਵਿੱਚ ਜਾ ਲੱਗੀ।
ਗੁਰਸੇਵਕ ਸਿੰਘ ਨੇ ਦੱਸਿਆ ਕਿ ਫਾਇਰ ਦੀ ਆਵਾਜ਼ ਸੁਣ ਕੇ ਜਦੋਂ ਉਹ ਤੇ ਹੋਰ ਰਿਸ਼ਤੇਦਾਰ ਸੁਖਦੇਵ ਸਿੰਘ ਦੇ ਘਰੋਂ ਭੱਜ ਕੇ ਸੁਰਜੀਤ ਸਿੰਘ ਦੇ ਘਰ ਆਏ ਤਾਂ ਉਸ ਦਾ ਭਤੀਜਾ ਹਰਜੀਤ ਸਿੰਘ ਥੱਲੇ ਡਿੱਗਿਆ ਹੋਇਆ ਸੀ ਤੇ ਸੁਰਜੀਤ ਸਿੰਘ ਕੋਲ ਖੜ੍ਹਾ ਸੀ। ਹਰਜੀਤ ਸਿੰਘ ਨੂੰ ਤੁਰੰਤ ਬਠਿੰਡਾ ਦੇ ਇੱਕ ਨਿੱਜ਼ੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਕੋਈ ਕਾਰਵਾਈ ਕਰਵਾਉਣ ਤੋ ਇਨਕਾਰ ਕਰ ਦਿੱਤਾ ਹੈ।
ਤਲਵੰਡੀ ਸਾਬੋ ਪੁਲਿਸ ਨੇ ਸੁਰਜੀਤ ਸਿੰਘ ਦੇ ਖ਼ਿਲਾਫ਼ ਧਾਰਾ 304, 336 ਆਈਪੀਸੀ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।