ਬਠਿੰਡਾ: ਦੁਨੀਆਂ ਭਰ ਵਿੱਚ ਮੰਗਲਵਾਰ ਨੂੰ ਕੈਂਸਰ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਬਠਿੰਡਾ ਦੇ ਐਡਵਾਂਸ ਕੈਂਸਰ ਹਸਪਤਾਲ ਵਿੱਚ ਵਰਲਡ ਕੈਂਸਰ ਡੇ ਮਨਾਇਆ ਗਿਆ ਅਤੇ ਇਸ ਮੌਕੇ ਕੈਂਸਰ ਨੂੰ ਮਾਤ ਦੇ ਚੁੱਕੇ ਲੋਕਾਂ ਨੂੰ ਬੁਲਾਇਆ ਗਿਆ।
ਇਸ ਮੌਕੇ ਕੈਂਸਰ ਨੂੰ ਮਾਤ ਦੇ ਚੁੱਕੇ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਜਦੋਂ ਪਤਾ ਲੱਗਿਆ ਕਿ ਇਸ ਨੂੰ ਕੈਂਸਰ ਦੀ ਬਿਮਾਰੀ ਹੈ ਤਾਂ ਇਲਾਜ਼ ਦੇ ਲਈ ਉਸ ਨੂੰ ਪਹਿਲਾਂ ਫ਼ਰੀਦਕੋਟ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ। ਜਿੱਥੇ ਉਸ ਦਾ ਇਲਾਜ਼ ਕੀਤਾ ਗਿਆ। ਇਲਾਜ਼ ਤੋਂ ਬਾਅਦ ਅਰਸ਼ਦੀਪ ਹੁਣ ਬਠਿੰਡਾ ਦੇ ਐਡਵਾਂਸ ਕੈਂਸਰ ਹਸਪਤਾਲ ਤੋਂ ਦਵਾਈ ਲੈ ਰਿਹਾ ਹੈ ਅਤੇ ਹੁਣ ਉਹ ਬਿਲਕੁਲ ਠੀਕ ਹੋ ਚੁੱਕਿਆ ਹੈ। ਉਸ ਨੇ ਦੱਸਿਆ ਕਿ ਜੇ ਕੋਈ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ ਤਾਂ ਉਸ ਨੂੰ ਘਬਰਾਉਣ ਜਾਂ ਡਰਨ ਦੀ ਜ਼ਰੂਰਤ ਨਹੀਂ ਹੈ ਸਗੋਂ ਉਸ ਨੂੰ ਇਲਾਜ਼ ਦੀ ਜ਼ਰੂਰਤ ਹੈ।
ਕੈਂਸਰ ਦੀ ਮਰੀਜ ਰਹਿ ਚੁੱਕੀ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਬੱਚੇਦਾਨੀ ਦੇ ਵਿੱਚ ਕੈਂਸਰ ਦੀ ਬਿਮਾਰੀ ਸੀ, ਜਿਸ ਤੋਂ ਬਾਅਦ ਉਸ ਨੇ ਤੁਰੰਤ ਕੈਂਸਰ ਦਾ ਇਲਾਜ਼ ਕਰਵਾਉਣਾ ਸ਼ੁਰੂ ਕਰ ਦਿੱਤਾ ਅਤੇ ਅੱਜ ਉਹ ਬਿਲਕੁਲ ਠੀਕ ਹੋ ਚੁੱਕੀ ਹੈ।
ਇਸ ਮੌਕੇ ਕੈਂਸਰ ਦੇ ਇਲਾਜ਼ ਲਈ ਜਾਗਰੂਕ ਕਰਨ ਵਾਲੀ ਸਮਾਜ ਸੇਵੀ ਸਪਨਾ ਨੇ ਦੱਸਿਆ ਕਿ ਵਰਲਡ ਹੈਲਥ ਸੰਸਥਾ ਵੱਲੋਂ ਦੁਨੀਆਂ ਭਰ ਵਿੱਚ ਕੈਂਸਰ ਦਿਵਸ ਮਨਾਏ ਜਾਣ ਦਾ ਉਪਰਾਲਾ ਕੀਤਾ ਗਿਆ ਹੈ ਅਤੇ ਅੱਜ ਹਰ ਥਾਂ 'ਤੇ ਕੈਂਸਰ ਦਿਵਸ ਮੌਕੇ ਕੈਂਸਰ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਸਪਨਾ ਨੇ ਦੱਸਿਆ ਕਿ ਉਹ ਆਪ ਵੀ ਕੈਂਸਰ ਤੋਂ ਪੀੜਤ ਰਹੀ ਹੈ। ਉਸ ਨੇ ਖੁੱਲ੍ਹ ਕੇ ਖੁਦ ਨੂੰ ਬਾਹਰ ਆ ਕੇ ਕੈਂਸਰ ਦੇ ਨਾਲ ਲੜਨ ਦਾ ਉਪਰਾਲਾ ਕੀਤਾ ਸੀ, ਜਿਸ ਤੋਂ ਬਾਅਦ ਹੁਣ ਉਹ ਖੁਦ ਕੈਂਸਰ ਤੋਂ ਠੀਕ ਹੋ ਚੁੱਕੀ ਹੈ ਅਤੇ ਲੋਕਾਂ ਨੂੰ ਜੋ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਜਾਗਰੂਕ ਕਰਕੇ ਕੈਂਸਰ ਦੇ ਇਲਾਜ਼ ਬਾਰੇ ਜਾਣੂ ਕਰਵਾਉਣ ਦਾ ਸਮਾਜ ਸੇਵੀ ਕੰਮ ਕਰ ਰਹੀ ਹੈ।