ਮਾਨਸਾ: ਲੋਕ ਸਭਾ ਹਲਕਾ ਬਠਿੰਡਾ ਦੇ ਪਿੰਡ ਰੱਲਾ ਦੀ ਵੀਰਪਾਲ ਕੌਰ ਦੇ ਪਰਿਵਾਰ ਦੇ ਤਿੰਨ ਮੈਂਬਰ ਕਰਜ਼ੇ ਕਰਕੇ ਖ਼ੁਦਕੁਸ਼ੀ ਕਰ ਚੁੱਕੇ ਹਨ। ਵੀਰਪਾਲ ਕੌਰ ਸਾਰੇ ਹੀ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਚੋਣ ਲੜ ਰਹੀ ਹੈ। ਇਸ ਔਰਤ ਨੇ ਸਿਰ 'ਤੇ ਸਫ਼ੇਦ ਚੁੰਨੀ ਲੈ ਕੇ ਮਾਨਸਾ ਤੋਂ ਨਾਮਜ਼ਦਗ਼ੀ ਪੱਤਰ ਦਾਖ਼ਲ ਕੀਤਾ ਹੈ।
ਦਰਅਸਲ, ਵੀਰਪਾਲ ਕੌਰ ਦੇ ਤਿੰਨ ਪਰਿਵਾਰਿਕ ਮੈਂਬਰਾਂ ਨੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਸਿਰ ਤੇ 8 ਲੱਖ ਰੁਪਏ ਦਾ ਕਰਜ਼ਾ ਹੈ ਜਦ ਕਿ ਉਸ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ। ਇੰਨ੍ਹਾਂ ਹੀ ਨਹੀਂ ਉਹ ਕਈ ਦਿਨ ਰੋਟੀ ਲਈ ਵੀ ਮੁਹਤਾਜ ਰਹਿੰਦੀ ਹੈ ਅਜਿਹੇ ਹਾਲਾਤ ਹੋਣ ਕਰਕੇ ਵੀਰਪਾਲ ਕੌਰ ਨੇ ਸਾਰੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦਾ ਸਹਾਰਾ ਲਿਆ ਹੈ।
ਇਸ ਦੇ ਨਾਲ ਹੀ ਪੀੜਤ ਪਰਿਵਾਰਾਂ ਨੇ ਆਪਣੀ ਮੁਸ਼ਕਿਲਾਂ ਨੂੰ ਵੇਖਦਿਆਂ ਹੋਇਆਂ ਵੀਰਪਾਲ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਕਿਸਾਨ ਮਜ਼ਦੂਰ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੀ ਇੱਕ ਕਮੇਟੀ ਬਣੀ ਹੈ ਜਿਸ ਦੀ ਕਨਵੀਨਰ 23 ਸਾਲਾ ਕਿਰਨਜੀਤ ਕੌਰ ਹੈ, ਜਿਸ ਦਾ ਪਿਤਾ ਵੀ ਕਰਜ਼ੇ ਦੇ ਕਾਰਨ ਖ਼ੁਦਕੁਸ਼ੀ ਕਰ ਚੁੱਕਿਆ ਹੈ। ਕਿਰਨਜੀਤ ਕੌਰ ਹੀ ਉਮੀਦਵਾਰ ਵੀਰਪਾਲ ਕੌਰ ਦੀ ਚੋਣ ਕਮਾਨ ਸੰਭਾਲ ਰਹੀ ਹੈ।