ਤਲਵੰਡੀ ਸਾਬੋ: ਯੂ.ਪੀ.ਐੱਸ.ਸੀ ਵੱਲੋਂ ਐਲਾਨੇ ਨਤੀਜਿਆਂ ਵਿੱਚ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਫੁੱਲੋਖਾਰੀ ਦੇ ਨੌਜਵਾਨ ਰਸਪ੍ਰੀਤ ਸਿੰਘ ਨੇ 196ਵਾਂ ਰੈਂਕ ਹਾਸਲ ਕਰਕੇ ਪਿੰਡ, ਮਾਪਿਆਂ ਅਤੇ ਹਲਕੇ ਦਾ ਨਾਂਅ ਰੌਸ਼ਨ ਕੀਤਾ ਹੈ।
ਰਾਮਾਂ ਮੰਡੀ ਵਿੱਚ ਰਹਿ ਰਹੇ ਰਸ਼ਪ੍ਰੀਤ ਦੇ ਪਿਤਾ ਲੈਕਚਰਾਰ ਲਾਭ ਸਿੰਘ ਅਤੇ ਮਾਤਾ ਰੁਪਿੰਦਰਪਾਲ ਕੌਰ ਨੇ ਆਪਣੇ ਪੁੱਤਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਲਈ ਅੱਜ ਬਹੁਤ ਖ਼ੁਸ਼ੀਆਂ ਭਰਿਆ ਦਿਨ ਹੈ। ਉਨ੍ਹਾਂ ਦੇ ਮਨ ਦੀ ਮੁਰਾਦ ਪੂਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਰਸ਼ਪ੍ਰੀਤ ਨੇ ਇਹ ਸਫਲਤਾ ਰੋਜ਼ਾਨਾ 14 ਘੰਟੇ ਪੜ੍ਹਾਈ ਕਰਕੇ ਪ੍ਰਾਪਤ ਕੀਤੀ ਹੈ।
ਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਮਾਤਾ-ਪਿਤਾ ਦੀ ਪ੍ਰੇਰਨਾ ਅਤੇ ਅਧਿਆਪਕਾਂ ਦੀਆਂ ਸਿੱਖਿਆਵਾਂ ਦਾ ਸਦਕਾ ਉਸਨੇ ਦਿਨ-ਰਾਤ ਪੜ੍ਹਾਈ ਕਰਕੇ ਆਪਣਾ ਸੁਪਨਾ ਪੂਰਾ ਕੀਤਾ ਹੈ। ਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਉਸਦਾ ਸੁਪਨਾ ਸੀ ਕਿ ਉਹ ਆਈ.ਏ.ਐਸ ਅਫਸਰ ਬਣਕੇ ਹੋ ਸਕੇ ਤਾਂ ਡੁੱਬਦੀ ਜਾ ਰਹੀ ਕਿਸਾਨੀ ਨੂੰ ਬਚਾਉਣ ਲਈ ਕੋਈ ਉਪਰਾਲਾ ਕਰ ਸਕੇ।
ਰਸ਼ਪ੍ਰੀਤ ਦੇ ਯੂ.ਪੀ.ਐੱਸ.ਸੀ ਪ੍ਰੀਖਿਆ ਕਲੀਅਰ ਕਰਨ ਨਾਲ ਨਾ ਕੇਵਲ ਪਿੰਡ ਫੁੱਲੋਖਾਰੀ ਅਤੇ ਰਾਮਾਂ ਸ਼ਹਿਰ ਸਗੋਂ ਸਮੁੱਚੇ ਹਲ਼ਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।