ਬਠਿੰਡਾ: ਸਾਉਣ ਦੇ ਮਹੀਨੇ ਵਿੱਚ ਸਭ ਤੋਂ ਵੱਧ ਸੱਪਾਂ ਦੇ ਡੱਸਣ ਦੇ ਮਾਮਲੇ ਸਾਹਮਣੇ ਆਉਂਦੇ ਹਨ ਕਿਉਂਕਿ ਸਾਉਣ ਮਹੀਨੇ ਵਿੱਚ ਹੀ ਸੱਪ ਪ੍ਰਜਣਨ ਕਰਨ ਲਈ ਖੁੱਡਾਂ ਦੇ ਵਿੱਚੋਂ ਬਾਹਰ ਆਉਂਦੇ ਹਨ। ਇਸ ਸਬੰਧ ’ਚ ਬਠਿੰਡਾ ਜ਼ਿਲ੍ਹੇ ’ਚ ਸੱਪਾਂ ਨੂੰ ਰੈਸਕਿਊ ਕਰਨ ਵਾਲੇ ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ 270 ਪ੍ਰਜਾਤੀਆਂ ਸੱਪਾਂ ਦੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਸਿਰਫ 12 ਤੋਂ 15 ਹੀ ਮਨੁੱਖੀ ਸਰੀਰ ਲਈ ਖਤਰਨਾਕ ਹਨ। ਉਨ੍ਹਾਂ ਦੱਸਿਆ ਕਿ ਸੱਪ ਫੜਨਾ ਇੱਕ ਕਲਾ ਹੈ ਪਰ ਹਰੇਕ ਬੰਦੇ ਨੂੰ ਆਪਣੀ ਜਾਨ ਦਾ ਖਤਰੇ ਚ ਨਹੀਂ ਪਾਉਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਹ ਦੁਕਾਨਾਂ ਅਤੇ ਘਰਾਂ ਵਿੱਚੋਂ ਹਜ਼ਾਰਾਂ ਸੱਪਾਂ ਨੂੰ ਰੈਸਕਿਊ ਕਰ ਸੁਰੱਖਿਅਤ ਥਾਵਾਂ ’ਤੇ ਛੱਡ ਚੁੱਕੇ ਹਨ।
ਤੁਰੰਤ ਲੈਣੀ ਚਾਹੀਦੀ ਹੈ ਡਾਕਟਰੀ ਮਦਦ
ਦੂਜੇ ਪਾਸੇ ਗੁਰਵਿੰਦਰ ਸ਼ਰਮਾ ਨੇ ਇਲਾਜ ਬਾਰੇ ਦੱਸਿਆ ਕਿ ਜਦੋਂ ਵੀ ਕਿਸੇ ਵਿਅਕਤੀ ਨੂੰ ਸੱਪ ਡੱਸ ਲੈਂਦਾ ਹੈ ਤਾਂ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ ਅਤੇ ਐਂਟੀ ਵੇਨਮ ਇੰਜੈਕਸ਼ਨ ਲਗਵਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਝਾੜ ਫੂਸ ਜਾਂ ਕੱਟ ਨਹੀਂ ਲਗਵਾਉਣੇ ਚਾਹੀਦੇ।
ਆਪਣੀ ਜਾਨ ਨੂੰ ਜੋਖਿਮ ’ਚ ਨਾ ਪਾਓ
ਇਸ ਸਬੰਧ ’ਚ ਸਮਾਜ ਸੇਵੀ ਆਗੂ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਉਹ 2007 ਵਿੱਚ ਇਸੇ ਤਰ੍ਹਾਂ ਇੱਕ ਕੋਬਰਾ ਸੱਪ ਨੂੰ ਰੈਸਕਿਊ ਕਰ ਲੱਗੇ ਸੀ ਪਰ ਕੁਝ ਨੌਜਵਾਨਾਂ ਵੱਲੋਂ ਹੱਲਾ ਕਰਨ ਕਾਰਨ ਕੋਬਰਾ ਸੱਪ ਵੱਲੋਂ ਉਸ ਨੂੰ ਡੱਸ ਲਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਸੋਨੂੰ ਮਹੇਸ਼ਵਰੀ ਨੇ ਕਿਹਾ ਕਿ ਸੱਪ ਫੜਨਾ ਇੱਕ ਕਲਾ ਹੈ ਤੇ ਹਰੇਕ ਵਿਅਕਤੀ ਨੂੰ ਸੱਪਾਂ ਦੀ ਜਾਣਕਾਰੀ ਨਹੀਂ ਹੁੰਦੀ। ਜਿਸ ਕਾਰਨ ਕਿਸੇ ਨੂੰ ਵੀ ਆਪਣੀ ਜਾਨ ਨੂੰ ਜੋਖਿਮ ਚ ਨਹੀਂ ਪਾਉਣਾ ਚਾਹੀਦਾ। ਇਸ ਤਰ੍ਹਾਂ ਦੀ ਘਟਨਾ ਵਾਪਰਨ ’ਤੇ ਤੁਰੰਤ ਸਰਕਾਰੀ ਹਸਪਤਾਲ ’ਚ ਜਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ।
ਇਹ ਵੀ ਪੜੋ: ਵਾਇਰਲ ਵੀਡੀਓ: ਖ਼ਤਰਿਆਂ ਨਾਲ ਜੂਝਦੇ ਭਾਰਤੀ ਹੈਲੀਕਾਪਟਰ
ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਮਨਿੰਦਰ ਸਿੰਘ ਨੇ ਦੱਸਿਆ ਕਿ ਸਾਲ 2000 ਤੋਂ 2001 ਤੱਕ ਉਨ੍ਹਾਂ ਕੋਲ 45 ਮਾਮਲੇ ਸੱਪ ਦੇ ਡੰਗਣ ਦੇ ਸਾਹਮਣੇ ਆਏ ਸੀ ਜਿਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ’ਚ ਕੀਤਾ ਗਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਪ ਡੰਗਣ ਉਪਰੰਤ ਤੁਰੰਤ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਇਲਾਜ ਲਈ ਸਰਕਾਰੀ ਹਸਪਤਾਲ ਆਉਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਮਰੀਜ਼ ਦਾ ਇਲਾਜ ਕਰ ਉਸਦੀ ਜ਼ਿੰਦਗੀ ਬਚਾਈ ਜਾ ਸਕੇ।