ਬਰਨਾਲਾ: ਵਿਧਾਨ ਸਭਾ ਦੀ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਅੱਜ ਉਮੀਦਵਾਰ ਹਰਿੰਦਰ ਧਾਲੀਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਹਲਕੇ ਦੇ ਪਿੰਡ ਜੋਧਪੁਰ ਵਿਖੇ ਪਹੁੰਚੇ ਹਨ। ਪ੍ਰੰਤੂ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿਰੁੱਧ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਪਿੰਡ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਵੱਲੋਂ ਸਰਕਾਰ ਅਤੇ ਮੀਤ ਹੇਅਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਸੱਚਾਈ ਬਿਆਨ ਕਰਦੇ ਹੋਏ ਬੈਨਰ
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਬਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਸਰਕਾਰ ਵਿਰੁੱਧ ਸੱਚਾਈ ਬਿਆਨ ਕਰਦੇ ਹੋਏ ਬੈਨਰ ਲੱਗੇ ਹੋਏ ਸਨ, ਜਿੰਨ੍ਹਾਂ ਨੂੰ ਮੀਤ ਹੇਅਰ ਦੇ ਇਸ਼ਾਰੇ 'ਤੇ ਕੁੱਝ ਨੌਜਵਾਨਾਂ ਵਲੋਂ ਇਹ ਬੈਨਰ ਪਾੜ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਸਟਰਾਂ ਉੱਪਰ ਕਿਸਾਨਾਂ ਦੇ ਮੰਡੀਆਂ ਦੇ ਹਾਲ, ਨਸ਼ੇ, ਗੁੰਡਾਗਰਦੀ ਸਮੇਤ ਹੋਰ ਕੁੱਝ ਮੁੱਦਿਆਂ ਬਾਰੇ ਲਿਖਿਆ ਹੋਇਆ ਸੀ, ਜਿਸ ਨੂੰ ਪਿੰਡ ਦੇ ਕੁੱਝ ਨੌਜਵਾਨਾਂ ਨੇ ਪਾੜ ਦਿੱਤਾ ਹੈ। ਇਹ ਪੋਸਟਰ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ, ਜਿਸ ਕਾਰਨ ਇਹ ਪੋਸਟਰ ਪੜਵਾਏ ਗਏ ਹਨ।
ਕਿਸਾਨ ਸਰਕਾਰ ਨੂੰ ਸਬਕ ਸਿਖਾਉਣ ਲਈ ਬੈਠੇ ਤਿਆਰ
ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਪੋਸਟਰਾਂ ਨੂੰ ਕਿਸਨੇ ਲਗਾਇਆ ਇਹ ਨਹੀਂ ਪਤਾ ਪ੍ਰੰਤੂ ਪੋਸਟਰ ਬਿਲਕੁਲ ਸੱਚਾਈ ਬਿਆਨ ਕਰ ਰਹੇ ਹਨ। ਸਰਕਾਰ ਕਿਸਾਨਾਂ ਦੀ ਸਾਰ ਲੈਣ ਦੀ ਥਾਂ ਆਪਣੇ ਵਿਰੁੱਧ ਲੱਗੇ ਬੈਨਰ ਪੜਵਾਉਣ ਦੀਆਂ ਘਟੀਆ ਹਰਕਤਾਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮੰਡੀਆਂ ਵਿੱਚ ਕਈ ਦਿਨਾਂ ਤੋਂ ਰੁਲ ਰਹੇ ਹਨ। ਕਿਸਾਨ ਹੁਣ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਉੱਥੇ ਪੋਸਟਰ ਪਾੜਨ ਵਾਲੇ ਨੌਜਵਾਨ ਨਾਲ ਮੰਡੀ ਵਿੱਚ ਬੈਠੇ ਕਿਸਾਨਾਂ ਦੀ ਬਹਿਸਬਾਜੀ ਵੀ ਹੋਈ। ਪੋਸਟਰ ਪਾੜਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਇਹ ਪੋਸਟਰ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਲਗਾਏ ਗਏ ਸਨ। ਇਹ ਕਿਸੇ ਪਾਰਟੀ ਦੇ ਨਹੀਂ ਸਨ, ਜਿਸ ਕਰਕੇ ਉਨ੍ਹਾਂ ਨੇ ਪਾੜੇ ਹਨ।
ਸਰਕਾਰ ਨੂੰ ਪਾਇਆ ਘੇਰਿਆ
ਜ਼ਿਕਰਯੋਗ ਹੈ ਕਿ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਸਰਕਾਰ ਦੇ ਵਿਰੁੱਧ ਕੁਝ ਮੁੱਦਿਆਂ ਨੂੰ ਲੈ ਕੇ ਵੱਡੇ ਪੱਧਰ 'ਤੇ ਪੋਸਟਰ ਲਗਾਏ ਗਏ ਹਨ। ਇਹ ਪੋਸਟਰ ਬਰਨਾਲਾ ਸ਼ਹਿਰ ਦੇ ਅਲੱਗ-ਅਲੱਗ ਥਾਵਾਂ ਸਮੇਤ ਪਿੰਡਾਂ ਵਿੱਚ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਲਗਾਈ ਗਏ ਹਨ। ਇਨ੍ਹਾਂ ਪੋਸਟਰਾਂ ਉੱਪਰ ਕਿਸਾਨਾਂ ਦੀ ਮਾੜੀ ਹਾਲਤ, ਨਸ਼ੇ, ਗੁੰਡਾਗਰਦੀ ਸਮੇਤ ਅਲੱਗ-ਅਲੱਗ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ ਗਿਆ ਹੈ। ਇਨ੍ਹਾਂ ਪੋਸਟਰਾਂ ਉੱਪਰ ਕਿਸੇ ਵੀ ਪ੍ਰਿੰਟਿੰਗ ਪ੍ਰੈਸ ਜਾਂ ਇਨ੍ਹਾਂ ਨੂੰ ਲਗਾਉਣ ਵਾਲੇ ਵਿਅਕਤੀ ਜਾਂ ਜਥੇਬੰਦੀ ਦਾ ਕੋਈ ਨਾਮ ਨਹੀਂ ਲਿਖਿਆ ਗਿਆ।