ਬਠਿੰਡਾ: ਪੁਲਿਸ ਨੇ ਕਮਲਾ ਨਹਿਰੂ ਕਾਲੋਨੀ ਵਿੱਚ ਹੋਏ ਤੀਹਰੇ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ ਜਿਸਦਾ ਕਾਰਨ ਪ੍ਰੇਮ ਪ੍ਰਸੰਗ ਦੱਸਿਆ ਜਾ ਰਿਹਾ ਹੈ। ਪਤੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਮੁਲਜ਼ਮ ਨੇ ਵੀ ਖ਼ੁਦਕੁਸ਼ੀ ਕਰ ਲਈ। ਕਥਿਤ ਦੋਸ਼ੀ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨਸਾ ਖੁਰਦ ਦਾ ਰਹਿਣ ਵਾਲਾ ਸੀ ਜਿਸ ਦੀ ਪਛਾਣ ਸ਼ੁਭਕਰਮ ਸਿੰਘ ਪੁੱਤਰ ਸੁਰਿੰਦਰ ਸਿੰਘ ਵਜੋਂ ਹੋਈ ਹੈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਕਤ ਨੌਜਵਾਨ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ।
ਬਠਿੰਡਾ ਪੁਲਿਸ ਨੂੰ ਉਕਤ ਨੌਜਵਾਨ ਦੇ ਮੋਬਾਈਲ ਵਿੱਚੋਂ ਇੱਕ ਵੀਡੀਓ ਮੈਸੇਜ ਮਿਲਿਆ ਜਿਸ ਵਿੱਚ ਉਸ ਨੇ ਦੱਸਿਆ ਕਿ ਚਰਨਜੀਤ ਸਿੰਘ ਖੋਖਰ ਦੀ ਕੁੜੀ ਸਿਮਰਜੀਤ ਕੌਰ ਨਾਲ ਉਸ ਦੇ ਦੋ ਸਾਲਾਂ ਤੋਂ ਰਿਲੇਸ਼ਨ ਸਨ ਪਰ ਉਸ ਨੂੰ ਕੁੜੀ ਦੇ ਚਾਲ-ਚੱਲਣ 'ਤੇ ਸ਼ੱਕ ਸੀ ਜਿਸ ਕਾਰਨ ਲੜਕੇ ਨੇ ਵਿਆਹ ਕਰਾਉਣ ਤੋਂ ਜਵਾਬ ਦੇ ਦਿੱਤਾ ਸੀ। ਇਸ ਤੋਂ ਬਾਅਦ ਉਕਤ ਕੁੜੀ ਉਸ ਨੂੰ ਬਲੈਕਮੇਲ ਕਰ ਰਹੀ ਸੀ ਅਤੇ ਉਸ ਖ਼ਿਲਾਫ਼ ਬਲਾਤਕਾਰ ਦਾ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਹੀ ਸੀ। ਨੌਜਵਾਨ ਐਤਵਾਰ ਰਾਤ ਨੂੰ ਆਪਣੇ ਭਰਾ ਦਾ ਬੱਤੀ ਬੋਰ ਰਿਵਾਲਵਰ ਲੈ ਕੇ ਚਰਨਜੀਤ ਸਿੰਘ ਖੋਖਰ ਦੇ ਘਰ ਪੁੱਜਾ ਜਿੱਥੇ ਦੋਵਾਂ ਵਿੱਚ ਲੜਾਈ ਝਗੜਾ ਹੋਇਆ।
ਇਸ ਦੌਰਾਨ ਸ਼ੁਭਕਰਮ ਸਿੰਘ ਨੇ ਗੋਲੀਆਂ ਮਾਰ ਕੇ ਉਕਤ ਤਿੰਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਦੇਰ ਰਾਤ ਆਪਣੇ ਪਿੰਡ ਜਾ ਕੇ ਖ਼ੁਦਕੁਸ਼ੀ ਕਰ ਲਈ। ਬਠਿੰਡਾ ਦੇ ਐਸ.ਐਸ.ਪੀ. ਭੁਪਿੰਦਰਜੀਤ ਸਿੰਘ ਵਿਰਕ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤੀਹਰੇ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ।