ਬਠਿੰਡਾ: ਇੰਨੀ ਦਿਨੀਂ ਪੰਜਾਬ ਵਿੱਚ ਪਰਾਲੀ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਾ ਲਈ ਪੰਜਾਬ ਸਰਕਾਰ ਵੱਲੋਂ ਪਰਾਲੀ ਦੀਆਂ ਗੱਠਾਂ ਬਣਾ ਕੇ ਖੇਤਾਂ ਵਿੱਚੋਂ ਚੁੱਕਵਾ ਕੇ ਵੱਖ-ਵੱਖ ਥਾਵਾਂ ਉੱਤੇ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ, ਪਰ ਹੁਣ ਇਹ ਇਕੱਠੀਆਂ ਕੀਤੀਆਂ ਪਰਾਲੀ ਦੀਆਂ ਗੱਠਾਂ ਪ੍ਰਸ਼ਾਸਨ ਲਈ ਵੱਡੀ ਸਿਰਦਰਦੀ ਬਣਦੀਆਂ ਜਾ ਰਹੀਆਂ ਹਨ। ਭਾਵੇਂ ਪਰਾਲੀ ਨੂੰ ਅੱਗ ਲਗਾਉਣ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਾਅ ਲਈ ਵੱਡੀ ਪੱਧਰ ਉੱਤੇ ਕਿਸਾਨਾਂ ਨੂੰ ਮਸ਼ੀਨਰੀ ਉਪਲਬਧ ਕਰਵਾਈ ਗਈ ਸੀ ਅਤੇ ਪਰਾਲੀ ਦੀਆਂ ਗੱਠਾਂ ਬਣਾਈਆਂ ਗਈਆਂ ਸਨ, ਪਰ ਹੁਣ ਸਟੋਰ ਹੋਈ ਪਰਾਲੀ ਦੀਵਾਲੀ ਦੇ ਪਟਾਕਿਆਂ ਕਰਕੇ ਕਿਸੇ ਵੀ ਘਟਨਾ ਦੇ ਵਾਪਰਨ ਦਾ ਸਬਬ ਬਣ ਸਕਦੀ ਹੈ।
ਪਰਾਲੀ ਨੂੰ ਅੱਗ ਲੱਗਣ ਦਾ ਖ਼ਤਰਾ: ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿਖੇ ਕਰੀਬ 100 ਏਕੜ ਵਿੱਚ ਪਰਾਲੀ ਤੋਂ ਬਣਾਈਆਂ ਗਈਆਂ ਗੱਠਾਂ ਨੂੰ ਸਟੋਰ ਕੀਤਾ ਗਿਆ, ਪਰ ਦਿਵਾਲੀ ਦਾ ਤਿਉਹਾਰ ਨੇੜੇ ਹੋਣ ਕਾਰਨ ਪ੍ਰਸ਼ਾਸਨ ਲਈ ਹੁਣ ਇਕੱਠੀਆਂ ਕੀਤੀਆਂ ਗਈਆਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਦਾ ਡਰ ਸਤਾਉਣ ਲੱਗਿਆ ਹੈ। ਦਿਵਾਲੀ ਦੇ ਤਿਉਹਾਰ ਕਾਰਨ ਵੱਡੀ ਗਿਣਤੀ ਵਿੱਚ ਪਟਾਕੇ ਚਲਾਏ ਜਾਂਦੇ ਹਨ ਜਿਸ ਕਾਰਨ ਇਨ੍ਹਾਂ ਇਕੱਠੀਆਂ ਕੀਤੀਆਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਪਿੰਡ ਕੋਟਸ਼ਮੀਰ ਦੇ ਕੌਂਸਲਰ ਚਾਨਣ ਸਿੰਘ ਨੇ ਦੱਸਿਆ ਕਿ ਉਨਾਂ ਦੇ ਪਿੰਡ ਵੱਡੀ ਗਿਣਤੀ ਵਿੱਚ ਪਰਾਲੀ ਦੀਆਂ ਗੱਠਾਂ ਨੂੰ ਡੰਪ ਕੀਤਾ ਜਾ ਰਿਹਾ ਹੈ। ਰੋਜ਼ਾਨਾ 200 ਤੋਂ 250 ਟਰੈਕਟਰ ਪਰਾਲੀ ਦੀਆਂ ਗੱਠਾਂ ਲੈ ਕੇ ਪਿੰਡ ਕੋਟਸ਼ਮੀਰ ਵਿਖੇ ਬਣੇ ਡੰਪ 'ਤੇ ਪਹੁੰਚ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੂੰ ਦਿਵਾਲੀ ਦੇ ਤਿਹਾਰ ਉੱਤੇ ਤਾਕੀਦ ਕੀਤੀ ਗਈ ਹੈ ਕਿ ਉਹ ਪਟਾਕੇ ਨਾ ਚਲਾਉਣ।
ਡਰ ਦੇ ਮਾਹੌਲ 'ਚ ਆਸ-ਪਾਸ ਦੇ ਲੋਕ: ਪਿੰਡ ਦੇ ਨੇੜੇ ਹੀ ਪਰਾਲੀ ਦੀਆਂ ਗੱਠਾਂ ਦਾ ਕਰੀਬ 100 ਏਕੜ ਵਿੱਚ ਗੱਠਾਂ ਬਣਾਈਆਂ ਗਈਆਂ ਹਨ। ਇਸ ਵਿੱਚ ਅੱਗ ਲੱਗਣ ਦਾ ਖ਼ਤਰਾ ਹੈ। ਚਾਨਣ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਭਾਵੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ, ਪਰ ਇੰਨੀ ਵੱਡੀ ਗਿਣਤੀ ਵਿੱਚ ਪਰਾਲੀ ਦੀਆਂ ਗੱਠਾਂ ਇੱਕ ਥਾਂ ਉੱਤੇ ਸਟੋਰ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਪਰਾਲੀ ਦੀਆਂ ਗੱਠਾਂ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ, ਕਿਉਂਕਿ ਪਰਾਲੀ ਦੀਆਂ ਗੱਠਾਂ ਦੇ ਸਟੋਰੇਜ ਨੇੜੇ ਘਰ ਬਣੇ ਹੋਏ ਹਨ, ਜੋ ਕਿ ਅਣਸੁਖਾਵੀਂ ਘਟਨਾ ਕਾਰਨ ਲਪੇਟ ਵਿੱਚ ਆ ਸਕਦੇ ਹਨ। ਉਹ ਡਰ ਦੇ ਮਾਹੌਲ ਵਿੱਚ ਤਿਉਹਾਰ ਵੀ ਸਹੀ ਤਰ੍ਹਾਂ ਨਹੀਂ ਮਨਾ ਪਾ ਰਹੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਰਾਲੀ ਦੀਆਂ ਗੱਠਾਂ ਨੂੰ ਸਟੋਰ ਕਰਨ ਲਈ ਢੁੱਕਵਾਂ ਪ੍ਰਬੰਧ ਕੀਤਾ ਜਾਵੇ।
ਪਿੰਡ ਵਾਸੀਆਂ ਨੂੰ ਪਟਾਕੇ ਨਾ ਚਲਾਉਣ ਦੀ ਅਪੀਲ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਿੰਡ ਕੋਟ ਸ਼ਮੀਰ ਦੀ ਪਰਾਲੀ ਸਟੋਰੇਜ ਵਾਲੀ ਗ੍ਰਾਉਂਡ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ, ਜਿੱਥੇ ਵੱਡੀ ਗਿਣਤੀ ਵਿੱਚ ਪਰਾਲੀ ਦੀਆਂ ਗੱਠਾਂ ਰੱਖੀਆਂ ਗਈਆਂ ਹਨ। ਫਾਇਰ ਬ੍ਰਿਗੇਡ ਅਧਿਕਾਰੀ ਸੁਖਮੰਦਰ ਸਿੰਘ ਨੇ ਕਿਹਾ ਕਿ ਨਗਰ ਨਿਗਮ ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਆਦੇਸ਼ਾਂ ਤੇ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਅਤੇ ਹਿੰਦੁਸਤਾਨ ਪੈਟਰੋਲਿਅਮ ਦੀ ਫਾਇਰ ਟੈਂਡਰ ਤੈਨਾਤ ਕੀਤੇ ਗਏ ਹਨ, ਜਿੱਥੇ 24 ਘੰਟੇ ਫਾਇਰ ਬ੍ਰਿਗੇਡ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾਈ ਗਈ ਹੈ ਕਿ ਪਰਾਲੀ ਦੀਆਂ ਗੱਠਾਂ ਸਟੋਰ ਕਰਨ ਵਾਲੀ ਜਗ੍ਹਾ ਦੇ ਨੇੜੇ ਪਟਾਕੇ ਨਾ ਚਲਾਏ ਜਾਣ, ਕਿਉਂਕਿ ਆਤਿਸ਼ਬਾਜ਼ੀ ਅਤੇ ਹਵਾ ਵਿੱਚ ਉੱਡਣ ਵਾਲੇ ਗੁਬਾਰਿਆਂ ਕਾਰਨ ਅੱਗ ਲੱਗਣ ਦਾ ਖ਼ਤਰਾ ਸਭ ਤੋਂ ਵੱਧ ਬਣਿਆ ਰਹਿੰਦਾ ਹੈ।
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਵੱਲੋਂ ਵੀ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਉੱਤੇ ਪਰਾਲੀ ਨੂੰ ਸਟੋਰ ਕਰਨ ਵਾਲੇ ਡੰਪਾਂ ਦੇ ਆਲੇ-ਦੁਆਲੇ ਕਿਸੇ ਵੀ ਤਰ੍ਹਾਂ ਦਾ ਕੋਈ ਪਟਾਕੇ ਤੇ ਆਤਿਸ਼ਬਾਜ਼ੀ ਆਦਿ ਨਾ ਚਲਾਏ ਜਾਣ ਦੀ ਹਿਦਾਇਤ ਜਾਰੀ ਕੀਤੀ ਸੀ। ਉਨ੍ਹਾਂ ਨੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਦਿਆਂ ਗ੍ਰੀਨ ਦੀਵਾਲੀ ਮਨਾਉਣ ਨੂੰ ਹੀ ਤਰਜ਼ੀਹ ਦੇਣ।