ਬਠਿੰਡਾ: ਜ਼ਿਲ੍ਹਾ ਬਠਿੰਡਾ ਤੋਂ ਕਰੀਬ 35 ਕਿਲੋਮੀਟਰ ਦੂਰ ਪੰਜਾਬ ਦਾ ਪ੍ਰਾਚੀਨ ਇਤਿਹਾਸ ਅਤੇ ਧਾਰਮਿਕ ਨਗਰ ਤਲਵੰਡੀ ਸਾਬੋ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਿੱਖ ਪੰਥ ਦਾ ਇੱਕ ਮਹਾਨ ਸਥਾਨ ਹੈ ਅਤੇ ਇਹ ਅਸਥਾਨ ਸਿੱਖ ਪੰਥ ਦੇ ਪੰਜ ਤਖਤਾਂ ਵਿਚੋਂ ਚੌਥਾ ਪਵਿੱਤਰ ਅਸਥਾਨ ਹੈ। ਇਸ ਨਗਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਕੀ ਕਾਸ਼ੀ ਦਾ ਆਸ਼ੀਰਵਾਦ ਮਿਲਿਆ ਹੋਇਆ ਹੈ। ਇਸ ਨਗਰ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਜੁੜਿਆ ਹੋਇਆ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਰਸੇ ਤੋਂ ਸੁਲਤਾਨਪੁਰ ਜਾਂਦੇ ਹੋਏ ਇਸ ਨਗ਼ਰ ਪਹੁੰਚੇ ਸਨ।
ਸਰੋਵਰ ਦੀ ਕਰਾਈ ਸੀ ਸੇਵਾ : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਇਸ ਨਗਰ ਨੂੰ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਵੱਲੋਂ ਇੱਥੇ ਸਰੋਵਰ ਦੀ ਸੇਵਾ ਕਰਵਾਈ ਗਈ ਅਤੇ ਤਲਵੰਡੀ ਸਾਬੋ ਵਿਖੇ ਪਧਾਰਨ ਵਾਲੇ ਤੀਜੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਪੱਕਾ ਕਲਾ ਪਿੰਡ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਵਿਖ਼ੇ ਪਹੁੰਚੇ ਸਨ ਭਾਈ ਡੱਲਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਲਵੰਡੀ ਸਾਬੋ ਪੁੱਜਣ ਤੇ ਬਹੁਤ ਆਦਰ ਮਾਨ ਕਰਦੇ ਹੋਏ ਆਪਣੇ ਕਿ ਕਿਲ੍ਹੇ ਵਿਚ ਨਿਵਾਸ ਕਰਨ ਦੀ ਬੇਨਤੀ ਕੀਤੀ ਸੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖ਼ੇ ਨਿਵਾਸ ਕੀਤਾ ਸੀ। ਇਸ ਅਸਥਾਨ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਮਰਕੱਸਾ ਖੋਲ੍ਹਿਆ ਗਿਆ ਸੀ, ਜਿਸ ਕਰਕੇ ਇਸ ਦਾ ਨਾਮ ਦਮਦਮਾ ਸਾਹਿਬ ਪ੍ਰਚੱਲਿਤ ਹੋਇਆ ਅਤੇ ਇਸ ਸਥਾਨ ਉਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਾਈ।
ਇਸ ਲਈ ਦਿੱਤਾ ਗੁਰੂ ਕਾਸ਼ੀ ਦਾ ਨਾਂ : ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਮਨੀ ਸਿੰਘ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾ ਰਹੇ ਸਨ ਤਾਂ ਲਿਖਈ ਸਮੇਂ ਜਿਸ ਕਲਮ ਦਾ ਮੂੰਹ ਘਸ ਜਾਂਦਾ ਸੀ ਉਸਨੂੰ ਦੁਬਾਰਾ ਨਹੀਂ ਘੜਦੇ ਸਨ। ਉਸ ਨੂੰ ਸੰਭਾਲ ਕੇ ਰੱਖ ਲਿਆ ਜਾਂਦਾ ਸੀ ਅਤੇ ਲਿਖਾਈ ਵਾਸਤੇ ਨਵੀਂ ਕਲਮ ਲਾਈ ਜਾਂਦੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਲਿਖਾਈ ਸੰਪੂਰਨ ਹੋਣ ਮਗਰੋਂ ਪੁਰਾਣੀਆਂ ਕਲਮਾਂ ਤੇ ਬਚੀ ਹੋਈ ਸਿਆਹੀ ਨੂੰ ਲਿਖਣਸਰ ਵਿੱਚ ਪ੍ਰਵਾਹ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ ਏਥੇ ਗੁਰਸਿੱਖ ਗੁਰਮੁਖੀ ਦੀ ਵਰਣਮਾਲਾ ਲਿਖਕੇ ਵਿੱਦਿਆ ਦੀ ਪ੍ਰਾਪਤੀ ਲਈ ਅਰਦਾਸ ਕਰਦੇ ਹਨ।
ਇਥੇ ਸੋਧੇ ਜਾਂਦੇ ਸੀ ਗ੍ਰੰਥ: ਤਖ਼ਤ ਸ੍ਰੀ ਦਮਦਮਾ ਸਾਹਿਬ ਪ੍ਰਚੀਨ ਕਾਲ ਤੋਂ ਪੰਥਕ ਮਸਲਿਆਂ ਦਾ ਕੇਂਦਰ ਰਿਹਾ ਹੈ। ਮੁਗਲ ਕਾਲ ਦੌਰਾਨ ਜਦੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਉਜਾੜ ਦਿੱਤਾ ਗਿਆ ਤਾਂ ਉਸ ਸਮੇਂ ਕੇਵਲ ਤਖ਼ਤ ਸ੍ਰੀ ਦਮਦਮਾ ਸਾਹਿਬ ਸਿੱਖ ਪੰਥ ਦੀ ਅਗਵਾਈ ਕਰ ਰਿਹਾ ਸੀ। ਪੁਰਾਤਨ ਵਿਦਵਾਨ ਆਪਣੇ ਗ੍ਰੰਥ ਲਿਖ ਕੇ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਉਨ੍ਹਾ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੇ ਸੁਣਾਇਆ ਜਾਂਦਾ ਸੀ ਫਿਰ ਸੋਧਿਆ ਜਾਂਦਾ ਸੀ। ਦਮਦਮਾ ਸਾਹਿਬ ਵਿਖੇ ਅੱਜ ਵੀ ਪੁਰਾਤਨ ਅਤੇ ਧਾਰਮਿਕ ਵਸਤਾ ਮੌਜੂਦ ਹਨ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦੀ ਲਿਖੀ ਹੋਈ ਇਤਿਹਾਸਕ ਬੀੜ ਮੌਜੂਦ ਹੈ ਜਿਸ ਨੂੰ ਵੱਡੇ ਬਾਬਾ ਜੀ ਕਰਕੇ ਜਾਣਿਆ ਜਾਂਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ੍ਰੀ ਸਾਹਿਬ ਵੀ ਤਖਤ ਸਾਹਿਬ ਤੇ ਮੌਜੂਦ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇੱਕ ਸਿੱਖ ਵੱਲੋਂ ਭੇਟ ਕੀਤੀ ਹੋਈ ਬੰਦੂਕ ਮੌਜੂਦ ਹੈ। ਇਸ ਬੰਦੂਕ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਰੰਘਰੇਟੇ ਸਿੱਖਾਂ ਦੀ ਪਰਖ ਕੀਤੀ ਸੀ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਰਦਾਨ ਪ੍ਰਾਪਤ ਸ਼ੀਸ਼ਾ ਮੌਜੂਦ ਹੈ, ਜਿਸ ਵਿੱਚ ਮਰਿਆਦਾ ਪੂਰਵਕ ਤਿੰਨ ਦਿਨ ਦੇਖਣ ਤੇ ਲੱਕਵੇਂ ਕਾਰਨ ਵਿੱਗੇ ਹੋਇ ਮੂੰਹ ਵਾਲੇ ਵਿਅਕਤੀ ਠੀਕ ਹੋ ਜਾਣਗੇ ਦਾ ਵਰ ਪ੍ਰਾਪਤ ਹੈ। ਇਹ ਸ਼ੀਸ਼ਾ ਗੁਰੂ ਜੀ ਨੂੰ ਦਿੱਲੀ ਦੀ ਸੰਗਤ ਵੱਲੋਂ ਭੇਂਟ ਕੀਤਾ ਗਿਆ ਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਨਿਕਲਦੇ ਹੁਕਮਨਾਮਿਆਂ ਉਪਰ ਲਾਈ ਜਾਂਦੀ ਮੋਹਰ ਵੀ ਹਾਲੇ ਮਾਜੂਦ ਹੈ ਇਹ ਮੋਹਰ ਧਾਤ ਦੀ ਬਣੀ ਹੋਈ ਹੈ।
ਇਹ ਵੀ ਪੜ੍ਹੋ: AICS Cricket Tournament: ਮੀਤ ਹੇਅਰ ਨੇ ਆਲ AICS ਕ੍ਰਿਕਟ ਟੂਰਨਾਮੈਂਟ ਦਾ ਕੀਤਾ ਉਦਘਾਟਨ
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਭਾਈ ਮਨੀ ਸਿੰਘ ਤੋਂ ਕਰਵਾਉਣ ਸਮੇਂ ਦੀ ਇਕ ਪੁਰਾਤਨ ਤਸਵੀਰ ਮਾਜੂਦ ਹੈ।ਇਹ ਚਿੱਤਰ ਕਿਸੇ ਪ੍ਰੇਮੀ ਮੁਸਵਰ ਦਾ ਬਣਾਇਆ ਹੋਇਆ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਵੀ ਉਹ ਦੋ ਕਰੀਰ ਦੇ ਦਰੱਖਤ ਮੌਜੂਦ ਹਨ, ਜਿਨ੍ਹਾਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਘੋੜਾ ਬੰਨ੍ਹਿਆ ਕਰਦੇ ਸਨ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸੱਜੇ ਪਾਸੇ ਬਾਬਾ ਦੀਪ ਸਿੰਘ ਜੀ ਦਾ ਭੋਰਾ ਮੌਜੂਦ ਹੈਂ ਜਿਸ ਵਿਚ ਬਾਬਾ ਦੀਪ ਸਿੰਘ ਜੀ ਸਿਮਰਨ ਅਤੇ ਅਭਿਆਸ ਕਰਿਆ ਕਰਦੇ ਸਨ ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਅਤੇ ਪੋਥੀਆਂ ਲਿਖਦੇ ਸਨ ਇਸ ਭੋਰਾ ਸਾਹਿਬ ਵਿਚ ਬਾਬਾ ਦੀਪ ਸਿੰਘ ਜੀ ਦੇ ਸ਼ਸ਼ਤਰ ਅਤੇ ਪੁਰਾਤਨ ਘੜਾ ਮੌਜੂਦ ਹੈ।
ਇਲਾਕੇ ਵਿਚ ਪੀਣ ਦੇ ਪਾਣੀ ਦੀ ਕਿੱਲਤ ਹੋਣ ਕਾਰਨ ਬਾਬਾ ਦੀਪ ਸਿੰਘ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਨੇੜੇ ਹੱਥੀਂ ਖੂਹ ਲਾਇਆ ਸੀ ਜੋ ਕਿ ਇਲਾਕੇ ਦੇ ਲੋਕਾਂ ਨੂੰ ਠੰਢਾ ਤੇ ਮਿੱਠਾ ਜਲ ਮਿਲ ਸਕੇ ਇਹ ਖੂਹ ਅੱਜ ਵੀ ਮੌਜੂਦ ਹੈ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਇੱਥੋਂ ਪੀਣ ਦਾ ਪਾਣੀ ਦੀ ਸਪਲਾਈ ਹੁੰਦੀ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਜਗਤਾਰ ਸਿੰਘ ਨੇ ਦੱਸਿਆ ਕਿ 1705 ਈਸਵੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਪਹੁੰਚੇ ਸਨ ਅਤੇ ਇਸ ਇਲਾਕੇ ਨੂੰ ਉਹਨਾਂ ਵੱਲੋਂ ਕਈ ਤਰਾਂ ਦੇ ਵਰਦਾਨ ਦਿੱਤੇ ਗਏ ਸਨ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰੀਬ ਸਵਾ ਸਾਲ ਰਹੇ ਅਤੇ ਇਸ ਸਮੇਂ ਦੌਰਾਨ ਹੀ ਉਨ੍ਹਾਂ ਵੱਲੋਂ ਤਲਵੰਡੀ ਸਾਬੋ ਨੂੰ ਗੁਰੂ ਕੀ ਕਾਸ਼ੀ ਦਾ ਨਾਮ ਦਿੱਤਾ ਗਿਆ।