ਬਠਿੰਡਾ: ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਦਾ ਅਸਰ ਹੁਣ ਲੜਕੀਆਂ ਉਪਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਅੱਜ ਬਾਅਦ ਦੁਪਹਿਰ ਬਠਿੰਡਾ ਦੇ ਬੱਸ ਸਟੈਂਡ ਵਿੱਚ ਨਸ਼ੇ ਵਿੱਚ ਧੁੱਤ ਲੜਕੀ ਵੱਲੋਂ ਜ਼ੋਰਦਾਰ ਹੰਗਾਮਾ ਕੀਤਾ ਗਿਆ ਅਤੇ ਔਰਤਾਂ ਦੇ ਪਖਾਨੇ ਵਿੱਚ ਤਾਇਨਾਤ ਲੜਕੀ ਦੇ ਥੱਪੜ ਮਾਰ ਦਿੱਤੇ। ਘਟਨਾ ਦਾ ਪਤਾ ਚਲਦੇ ਹੀ ਬੱਸ ਚੜ੍ਹ ਚੌਂਕੀ ਦੇ ਪੁਲਿਸ ਕਰਮਚਾਰੀ ਘਟਨਾ ਸਥਾਨ ਉੱਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਲੜਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਫਾਈ ਸੇਵਕਾਂ ਦੀ ਸੁਪਰਵਾਇਜ਼ਰ ਜੋਤੀ ਨੇ ਦੱਸਿਆ ਕਿ ਨਸ਼ੇ ਵਿੱਚ ਧੁੱਤ ਲੜਕੀ ਵੱਲੋਂ ਜਿੱਥੇ ਉਨ੍ਹਾਂ ਦੇ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ ਗਈ ਉੱਥੇ ਹੀ ਉਸ ਵੱਲੋਂ ਸ਼ਰੇਆਮ ਨਸ਼ੇ ਦੀ ਹਾਲਤ ਵਿਚ ਆਪਣੇ ਕੱਪੜੇ ਤੱਕ ਉਤਾਰ ਦਿੱਤੇ ਗਏ ਅਤੇ ਬੱਸ ਸਟੈਂਡ ਵਿਚਲੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।
ਨਸ਼ਾ ਕਰਕੇ ਹੁੱਲੜਬਾਜੀ: ਬੱਸ ਸਟੈਂਡ ਚੌਂਕੀ ਪਹੁੰਚੇ ਪੀ ਆਰ ਟੀ ਸੀ ਦੇ ਕਰਮਚਾਰੀ ਰਾਮ ਸਿੰਘ ਦਾ ਕਹਿਣਾ ਹੈ ਕਿ ਇਹ ਲੜਕੀ ਹਰ ਦੋ ਚਾਰ ਮਹੀਨਿਆਂ ਬਾਅਦ ਬੱਸ ਸਟੈਂਡ ਵਿਚ ਆ ਕੇ ਨਸ਼ੇ ਦੀ ਹਾਲਤ ਵਿਚ ਹੁੱਲੜਬਾਜੀ ਕਰਦੀ ਹੈ ਅਤੇ ਅਸੀਂ ਜੇਕਰ ਕੋਈ ਵਿਅਕਤੀ ਜਾਂ ਪੁਲਿਸ ਮੁਲਜ਼ਾਮ ਇਸ ਲੜਕੀ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਉਸਨੂੰ ਇਹ ਗਾਲਾਂ ਕੱਢਦੀ ਹੈ ਅਤੇ ਹੱਥੋਪਾਈ ਤੱਕ ਕਰਦੀ ਹੈ। ਕਈ ਵਾਰ ਤਾਂ ਇਸ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਵੀ ਗੰਦੀਆਂ ਗਾਲਾਂ ਕੱਢੀਆਂ ਗਈਆਂ ਹਨ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਲੜਕੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: Bhagwant Mann Visit in Hyderabad: ਸੀਐਮ ਭਗਵੰਤ ਮਾਨ ਨੇ ਤੇਲੰਗਾਨਾ 'ਚ ਸਿੰਚਾਈ ਸੁਧਾਰਾਂ ਤੇ ਪਾਣੀ ਦੀ ਸਾਂਭ-ਸੰਭਾਲ ਦਾ ਕੀਤਾ ਅਧਿਐਨ
ਐਸ ਡੀ ਐਮ ਅਦਾਲਤ ਵਿੱਚ ਪੇਸ਼: ਬੱਸ ਚੜ੍ਹ ਚੌਂਕੀ ਵਿਖੇ ਤਾਇਨਾਤ ਏਐਸਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਇਹ ਲੜਕੀ ਬਸ ਸਟੈਂਡ ਵਿੱਚ ਹੁੱਲੜਬਾਜ਼ੀ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਅਸੀਂ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲੜਕੀ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਜਦੋਂ ਲੇਡੀ ਪੁਲਿਸ ਖਿਲਾਫ਼ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਲੜਕੀ ਨਹੀਂ ਸਮਝੀ। ਇਸ ਤੋਂ ਬਾਅਦ ਲੜਕੀ ਨੂੰ ਹਿਰਾਸਤ ਵਿੱਚ ਲੈਕੇ ਪੁਲਿਸ ਵੱਲੋਂ ਐਸ ਡੀ ਐਮ ਅਦਾਲਤ ਵਿੱਚ ਪੇਸ਼ ਕੀਤਾ ਗਿਆ।