ਤਲਵੰਡੀ ਸਾਬੋ: ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਕਈ ਇਲਾਕਿਆਂ ਵਿੱਚ ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਹੋਣ ਕਰ ਕੇ ਸ਼ਹਿਰ ਵਾਸੀ ਬਹੁਤ ਹੀ ਨਿਰਾਸ਼ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਫ਼ਤਾਵਾਰੀ ਪ੍ਰੋਗਰਾਮ 'ਆਸਕ ਕੈਪਟਨ' ਦੌਰਾਨ ਤਲਵੰਡੀ ਸਾਬੋ ਦੇ ਇੱਕ ਵਿਅਕਤੀ ਵਲੋਂ ਪੀਣ ਦੇ ਪਾਣੀ ਦੀ ਮੁਸ਼ਕਿਲ ਰੱਖੇ ਜਾਣ ਤੋਂ ਬਾਅਦ ਜਨ ਸਿਹਤ ਅਤੇ ਵਾਟਰ ਸਪਲਾਈ ਵਿਭਾਗ ਹਰਕਤ ਵਿੱਚ ਆ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਵਾਬ ਵਿੱਚ ਕਿਹਾ ਕਿ ਤਲਵੰਡੀ ਸਾਬੋ ਵਿੱਚ ਪੀਣ ਵਾਲੇ ਪਾਣੀ ਦੀ ਜਾਂਚ-ਪੜਤਾਲ ਕਰਵਾ ਕੇ ਇਸ ਸਮੱਸਿਆ ਤੋਂ ਜਲਦ ਛੁਟਕਾਰਾ ਦਿਵਾਇਆ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਸਬੰਧਿਤ ਵਿਭਾਗ ਅਧਿਕਾਰੀ ਤਰੁੰਤ ਮੌਕੇ ਉੱਤੇ ਪੁੱਜੇ ਅਤੇ ਉਸ ਥਾਂ ਮੁਆਇਨਾ ਕੀਤਾ। ਜਿਸ ਤੋਂ ਬਾਅਦ ਜਨ ਸਿਹਤ ਅਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀ ਨੇ ਸ਼ਹਿਰ ਦਾ ਦੌਰਾ ਕੀਤਾ ਅਤੇ ਜਿਸ ਥਾਂ ਉੱਤੇ ਪਾਣੀ ਦੀ ਮੁਸ਼ਕਿਲ ਪੇਸ਼ ਆ ਰਹੀ ਹੈ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀਆਂ ਨੇ ਗੰਦੇ ਪਾਣੀ ਦੀ ਸਪਲਾਈ ਹੋਣ ਦਾ ਠਿੱਕਰਾ ਸਿਵਰੇਜ ਦੇ ਪ੍ਰਬੰਧਕਾਂ ਉੱਤੇ ਭੰਨਿਆਂ ਹੈ। ਜਦੋਂ ਕਿ ਸਿਵਰੇਜ ਦੇ ਪ੍ਰਬੰਧਕਾਂ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਦਾ ਕਹਿਣਾ ਹੈ ਇਹ ਪਾਣੀ ਮਿਕਸ ਸਿਵਰੇਜ ਤੋਂ ਨਹੀਂ ਸਗੋਂ ਨਵੇਂ ਬਣੇ ਹਾਈਵੇ ਅਤੇ ਨਾਲ ਬਣਾਏ ਗਏ ਖਾਲੇ ਤੋਂ ਹੋ ਰਿਹਾ ਹੈ।
ਪ੍ਰਧਾਨ ਦਾ ਕਹਿਣਾ ਹੈ ਕਿ ਇਸ ਬਾਰੇ ਸਬੰਧਿਤ ਵਿਭਾਗ ਨੂੰ ਵੀ ਕਹਿ ਦਿੱਤਾ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ।