ਬਠਿੰਡਾ: ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਵੱਲੋ ਪੰਜਾਬ ਸਰਕਾਰਾਂ ਵੱਲੋ ਕਿਸਾਨੀ ਮੰਗਾਂ ਮੰਨ ਲਏ ਜਾਣ ਦੇ ਬਾਵਜੂਦ ਵੀ ਅਜੇ ਤੱਕ ਮੰਗਾਂ ਬਾਰੇ ਨੋਟੀਫਿਕੇਸ਼ਨ ਜਾਰੀ ਨਾ ਕਰਨ ਦੇ ਰੋਸ ਵਜੋਂ ਸੂਬੇ ਭਰ ਵਿੱਚ 6 ਥਾਂਵਾਂ ਉਤੇ ਚੱਕਾ ਜਾਮ ਕੀਤਾ ਗਿਆ ਹੈ।
ਔਰਤਾਂ ਨੇ ਸੰਭਾਲੀ ਪ੍ਰਦਰਸ਼ਨ ਦੀ ਕਮਾਂਡ: ਜਿਸਦੀ ਲੜੀ ਵਿੱਚ ਅੱਜ ਤਲਵੰਡੀ ਸਾਬੋ ਦੇ ਬਠਿੰਡਾ ਦਿੱਲੀ ਸਟੇਟ ਹਾਈਵੇ ਉਤੇ ਤਲਵੰਡੀ ਸਾਬੋ ਦੇ ਥਾਣਾ ਚੌਂਕ ਵਿਚ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਦੀ ਕਮਾਂਡ ਔਰਤਾਂ ਨੇ ਸੰਭਾਲੀ ਹੋਈ ਸੀ ਰੋਸ ਪ੍ਰਦਰਸ਼ਨ ਦੌਰਾਨ ਔਰਤਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਮੰਨੀਆਂ ਮੰਗਾ ਨਹੀਂ ਕੀਤੀਆਂ ਲਾਗੂ: ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਉਨ੍ਹਾਂ ਨਾਲ ਮੀਟਿੰਗਾਂ ਕਰਕੇ ਮੰਨੀਆਂ ਮੰਗਾਂ ਲਾਗੂ ਨਹੀਂ ਕਰ ਰਹੀ ਜਿਸਦੇ ਰੋਸ ਵਿੱਚ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਏ ਨਰਮੇ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਕਿਸਾਨਾਂ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਉਤੇ 1500 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਉਸ ਨੂੰ ਵੀ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ।
ਤਿੱਖੇ ਸੰਘਰਸ਼ ਦੀ ਚੇਤਾਵਨੀ: ਇਸ ਤੋ ਇਲਾਵਾ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ 18 ਨਵੰਬਰ ਨੂੰ ਮੀਟਿੰਗ ਹੋਵੇਗੀ ਜਿਸ ਵਿੱਚ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਕਿਸਾਨਾਂ ਨੇ ਲੋਕਾਂ ਦਾ ਮੰਗਿਆ ਸਹਿਯੋਗ: ਉਥੇ ਹੀ ਕਿਸਾਨਾਂ ਵੱਲੋਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਲੋਕ ਇਹਨਾਂ ਰੋਡਾਂ ਉੱਪਰ ਸਫ਼ਰ ਨਾ ਕਰਨ। ਕਿਸਾਨਾਂ ਨੇ ਕਿਹਾ ਹੈ ਕਿ ਅਸੀਂ ਤੁਹਾਡੇ ਹਾਂ ਤੇ ਤੁਹਾਡੇ ਹੱਕਾਂ ਲਈ ਹੀ ਲੜ ਰਹੇ ਹਨ ਕਿਰਪਾ ਕਰਕੇ ਸਾਡਾ ਸਹਿਯੋਗ ਦਿਓ।
ਕਿੱਥੇ-ਕਿੱਥੇ ਹੋ ਰਿਹਾ ਚੱਕਾ ਜਾਮ:
- ਰਾਜਪੁਰਾ-ਪਟਿਆਲਾ ਰੋਡ ਉੱਤੇ ਧਰੇੜੀ ਜੱਟਾਂ ਟੋਲ ਪਲਾਜ਼ਾ ਉੱਤੇ ਕਿਸਾਨ ਧਰਨਾ ਲਗਾਉਣਗੇ।
- ਅੰਮ੍ਰਿਤਸਰ ਦੇ ਭੰਡਾਰੀ ਪੁਲ ਉੱਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ।
- ਫਰੀਦਕੋਟ ਦੇ ਟਹਿਣਾ ਟੀ-ਪੁਆਇੰਟ ਉੱਤੇ ਕਿਸਾਨ ਚੱਕਾ ਜਾਮ ਕਰਨਗੇ।
- ਤਿੰਨ ਕੋਨੀਆਂ ਪੁਲ ਮਾਨਸਾ, ਮੁਕੇਰੀਆਂ ਅਤੇ ਤਲਵੰਡੀ ਸਾਬੋ ਵਿਖੇ ਵੀ ਕਿਸਾਨ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ:- CM ਮਾਨ ਨੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਭੇਂਟ ਕੀਤੀ ਸ਼ਰਧਾਂਜਲੀ, ਕੀਤੀ ਇਹ ਵੱਡਾ ਐਲਾਨ