ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਦੇ ਆਗੂ ਅਮਿਤ ਰਤਨ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਵਿੱਚੋਂ ਕੱਢ ਦਿੱਤਾ ਹੈ। ਇਹ ਕਾਰਵਾਈ ਉਨ੍ਹਾਂ ਖਿਲਾਫ਼ ਪਾਰਟੀ ਵਰਕਰਾਂ ਨਾਲ ਠੱਗੀ ਮਾਰਨ ਦੇ ਗੰਭੀਰ ਦੋਸ਼ ਲੱਗਣ ਮਗਰੋਂ ਕੀਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕੁੱਝ ਵਿਅਕਤੀਆਂ ਨੇ ਇਹ ਸ਼ਿਕਾਇਤਾਂ ਦਿੱਤੀਆਂ ਸਨ ਕਿ ਅਮਿਤ ਰਤਨ ਨੇ ਬਿਜ਼ਨਸ ਦੇ ਮੌਕੇ ਦੇਣ ਦੇ ਨਾਂਅ 'ਤੇ ਉਨ੍ਹਾਂ ਨਾਲ ਠੱਗੀ ਮਾਰੀ ਹੈ।
ਇਹ ਸ਼ਿਕਾਇਤਾਂ ਮਿਲਣ ਮਗਰੋਂ ਪਾਰਟੀ ਪ੍ਰਧਾਨ ਨੇ ਇੱਕ ਤੱਥ ਖੋਜੂ ਕਮੇਟੀ ਦਾ ਗਠਨ ਕੀਤਾ। ਜਿਸ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਤੇ ਸਰੂਪ ਚੰਦ ਸਿੰਗਲਾ ਸ਼ਾਮਲ ਸਨ। ਇਸ ਕਮੇਟੀ ਨੇ ਵਿਸਥਾਰਿਤ ਜਾਂਚ ਕੀਤੀ ਤੇ ਪਾਰਟੀ ਪ੍ਰਧਾਨ ਨੂੰ ਆਪਣੀ ਰਿਪੋਰਟ ਸੌਂਪੀ। ਜਿਸ ਵਿਚ ਪਾਇਆ ਗਿਆ ਕਿ ਅਮਿਤ ਰਤਨ ਖ਼ਿਲਾਫ਼ ਲੱਗੇ ਦੋਸ਼ ਸਹੀ ਹਨ ਤੇ ਕਮੇਟੀ ਨੇ ਰਤਨ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ।
ਅਮਿਤ ਰਤਨ ਦੀਆਂ ਅਜਿਹੀ ਗੈਰ ਕਾਨੂੰਨੀ ਤੇ ਅਨੈਤਿਕ ਗਤੀਵਿਧੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਪਾਰਟੀ ਪ੍ਰਧਾਨ ਨੇ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਹੈ।