ਬਠਿੰਡਾ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਕਿਸਾਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈਕੇ ਕੇਂਦਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ ਹੀ ਹੁਣ ਕਾਰਪੋਰੇਟ ਘਰਾਣਿਆਂ ਵੱਲੋਂ ਪਿੰਡਾਂ ਵਿੱਚ ਆਪਣੇ ਕਾਰੋਬਾਰ ਸਥਾਪਤ ਕਰਨ ਲਈ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।
ਜ਼ਿਲ੍ਹੇ ਦੇ ਪਿੰਡ ਜੱਸੀ ਪੌ ਵਾਲੀ ਵਿੱਚ ਬਣ ਰਹੇ ਕਾਰਪੋਰੇਟ ਸੈਕਟਰ ਦੇ ਵੇਅਰਹਾਊਸ ਦਾ ਕਿਸਾਨਾਂ ਵੱਲੋਂ ਵਿਰੋਧ ਕਰਦੇ ਹੋਏ ਕੰਮ ਬੰਦ ਕਰਵਾ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਕਾਰਪੋਰੇਟ ਸੈਕਟਰ ਵੱਲੋਂ ਖੇਤੀ ਦੇ ਕੰਮਾਂ ਉੱਪਰ ਕਬਜ਼ਾ ਕਰਨ ਲਈ ਅਜਿਹੇ ਕਾਰਪੋਰੇਟ ਵੇਅਰ ਹਾਊਸ ਬਣਾਏ ਜਾ ਰਹੇ ਹਨ ਜਿਸ ਨੂੰ ਉਹ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਦੱਸਿਆ ਕਿ ਪਿੰਡ ਦੀ ਹਦੂਦ ਅੰਦਰ ਬਣ ਰਹੇ ਇਸ ਵੇਅਰ ਹਾਊਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਕਿਸਾਨਾਂ ਦਾ ਕਹਿਣੈ ਕਿ ਇਸ ਦੇ ਬਣਨ ਦੇ ਨਾਲ ਮੱਖੀ ਮੱਛਰ ਦੇ ਵਧਣ ਦੇ ਆਸਾਰ ਬਣ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਦੇ ਚੱਲਦੇ ਕਿਸਾਨਾਂ ਵੱਲੋਂ ਇਸ ਵੇਅਰ ਹਾਊਸ ਦਾ ਵਿਰੋਧ ਕੀਤਾ ਗਿਆ ਹੈ।
ਕਿਸਾਨਾਂ ਨੇ ਕਿਹਾ ਕਿ ਜੇਕਰ ਕਾਰਪੋਰੇਟ ਇਸੇ ਤਰ੍ਹਾਂ ਪਿੰਡਾਂ ਦੇ ਕੰਮਾਂਕਾਰਾਂ ਵਿੱਚ ਦਖਲ ਦੇਵੇਗਾ ਤਾਂ ਉਸ ਦਾ ਜੰਮ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਿੰਨ੍ਹਾਂ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਕਾਰਪੋਰੇਟ ਘਰਾਣਿਆਂ ਦਾ ਕਾਰੋਬਾਰ ਨਹੀਂ ਚੱਲਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:ਲਾਲ ਕਿਲ੍ਹਾ ਹਿੰਸਾ ਮਾਮਲਾ : ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ 'ਤੇ 28 ਜੁਲਾਈ ਤਕ ਰੋਕ