ਬਠਿੰਡਾ: ਪੰਜਾਬ ਦੇ ਵਿੱਚ ਨਰਮੇ ਦੀ ਖ਼ਰੀਦ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਕਿਸਾਨ ਅਜੇ ਵੀ ਮੰਡੀਆਂ ਵਿੱਚ ਰੁਲ ਰਹੇ ਹਨ ਜਿਸ ਦੀ ਜ਼ਮੀਨੀ ਰਿਪੋਰਟ ਭੁੱਚੋ ਮੰਡੀ ਤੋਂ ਸਾਹਮਣੇ ਆਈ ਹੈ।
ਅਨਾਜ ਮੰਡੀ ਵਿੱਚ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਉਹ ਚਾਰ ਦਿਨਾਂ ਤੋਂ ਮੰਡੀ ਵਿੱਚ ਨਰਮਾ ਲੈ ਕੇ ਬੈਠੇ ਹਨ ਅਤੇ ਨਰਮਾ ਧੁੱਪ ਵਿੱਚ ਸੁੱਕ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਨਰਮੇ ਦੀ ਸਰਕਾਰੀ ਖ਼ਰੀਦ 5400 ਹੈ ਪਰ ਪ੍ਰਾਈਵੇਟ ਖ਼ਰੀਦਦਾਰ ਇਸ ਨੂੰ 4500 ਜਾਂ 4600 ਵਿੱਚ ਖ਼ਰੀਦ ਰਹੇ ਹਨ।
ਕਿਸਾਨਾਂ ਦਾ ਇਹ ਵੀ ਕਹਿਣਾ ਹੈ ਮੰਡੀ ਵਿੱਚ ਕਿਸਾਨਾਂ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ ਬੱਸ ਜ਼ਿਮੀਦਾਰਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਫ਼ਸਲ ਦੀ ਨਿਗਰਾਨੀ ਲਈ ਕੋਈ ਚੌਕੀਦਾਰ ਵੀ ਨਹੀਂ ਹੈ ਉਨ੍ਹਾਂ ਨੂੰ ਪੂਰੀ ਜਾਗ ਕੇ ਫ਼ਸਲ ਦੀ ਨਿਗਰਾਨੀ ਕਰਨੀ ਪੈਂਦੀ ਹੈ।
ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਫ਼ਸਲ ਨੂੰ ਮੰਡੀਆਂ ਵਿੱਚੋਂ ਸਹੀ ਭਾਅ ਦੇ ਖ਼ਰੀਦਿਆ ਜਾਵੇ ਤਾਂ ਕਿ ਉਨ੍ਹਾਂ ਨੂੰ ਮੰਡੀਆਂ ਵਿੱਚ ਰੁਲਨਾ ਨਾ ਪਵੇ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਕਾਗ਼ਜ਼ਾਂ ਤੇ ਲਿਖੇ ਹੋਏ ਵਾਅਦਿਆਂ ਨੂੰ ਪੂਰਾ ਕਰੇ।