ਬਠਿੰਡਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਯਾਤਰਾ ਤਹਿਤ 5 ਮੁਲਕਾਂ ਵਿੱਚੋਂ ਹੁੰਦੇ ਹੋਏ 15 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਠਿੰਡਾ ਵਾਪਸ ਪਰਤੀ ਪੰਜਾਬੀ ਐਡਵੈਂਚਰ ਟੀਮ ਦਾ ਸ਼ਹਿਰ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ।
56 ਦਿਨਾਂ ਦੀ ਮੋਟਰਸਾਇਕਲ ਰੈਲੀ ਪੂਰੀ ਕਰ ਵਾਪਸ ਪਹੁੰਚੇ ਪੰਜਾਬੀ ਅਡਵੈਂਚਰ ਟੀਮ ਦੇ ਗੁਰਪ੍ਰੇਮ ਸਿੰਘ ਲਹਿਰੀ ਨੇ ਦੱਸਿਆ ਕਿ ਇਹ ਯਾਤਰਾ ਸਫ਼ਲਤਾ ਨਾਲ ਪੂਰੀ ਕਰਨ 'ਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਹ ਰੈਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸੀ।
ਲਹਿਰੀ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਸੀ। ਉਨ੍ਹਾਂ ਕਿਹਾ ਕਿ ਜੋ ਮੌਸਮ ਵਿੱਚ ਬਦਲਾਅ ਹੋ ਰਿਹਾ ਹੈ ਉਸ ਪ੍ਰਤੀ ਲੋਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਬਠਿੰਡਾ ਤੋਂ ਸਿੰਗਾਪੁਰ ਲਈ 9 ਸਿੱਖ ਬਾਈਕਰਜ਼ ਵੱਲੋਂ ਕੱਢੀ ਇਸ ਰੈਲੀ ਨੂੰ ਦਿੱਲੀ ਵਿੱਚ ਸੁਖਬੀਰ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਬੀਤੀ 26 ਜਨਵਰੀ ਨੂੰ ਹਰੀ ਝੰਡੀ ਵਿਖਾਈ ਸੀ।