ਬਠਿੰਡਾ: ਮਾਲਵਾ ਖੇਤਰ ਨਰਮਾ ਪੱਟੀ ਵਜੋਂ ਜਾਣਿਆ ਜਾਂਦਾ ਹੈ ਬੇਸ਼ੱਕ ਨਰਮੇ ਦੀ ਆਮਦ ਅਨਾਜ ਮੰਡੀਆਂ ਦੇ ਵਿੱਚ ਹੋ ਚੁੱਕੀ ਹੈ, ਪਰ ਨਰਮੇ ਦਾ ਐਮਐਸਪੀ ਦੇ ਮੁਤਾਬਕ ਖਰੀਦ ਨਾ ਹੋਣ 'ਤੇ ਕਿਸਾਨਾਂ ਵਿੱਚ ਕਾਫ਼ੀ ਨਰਾਜਗੀ ਵੇਖਣ ਨੂੰ ਮਿਲ ਰਹੀ ਹੈ। ਇਸ ਦਾ ਸਿਆਸੀ ਪਾਰਟੀਆਂ ਵੀ ਖੂਬ ਲਾਹਾ ਲੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।
ਬਠਿੰਡਾ ਦੀ ਅਨਾਜ ਮੰਡੀ ਵਿੱਚ ਨਰਮੇ ਦੀ ਐਮਐਸਪੀ ਮੁਤਾਬਕ ਖ਼ਰੀਦ ਨਾ ਹੋਣ 'ਤੇ ਆਪ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਪਹੁੰਚੀ ਸੀ, ਜਿਸ ਤੋਂ ਬਾਅਦ ਅਕਾਲੀ ਦਲ ਦੇ ਸਾਬਕਾ ਕੈਬਿਨੇਟ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਸਮੂਹ ਲੀਡਰਸ਼ਿਪ ਸਣੇ ਪਹੁੰਚੇ ਤੇ ਨਰਮੇ ਦਾ ਸਹੀ ਮੁੱਲ ਨਾ ਮਿਲਣ 'ਤੇ ਰੋਸ ਜਤਾਇਆ। ਮਲੂਕਾ ਬੋਲੇ ਇਸ ਸਬੰਧ ਵਿੱਚ ਕਪਾਹ ਭਵਨ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ ਪਰ ਹੁਣ ਉਹ ਮੁੜ ਤੋਂ ਇੱਕ ਵਾਰ ਫਿਰ ਕਪਾਹ ਭਵਨ ਅਧਿਕਾਰੀਆਂ ਨੂੰ ਮਿਲਣਗੇ ਤਾਂ ਜੋ ਨਰਮੇ ਦੀ ਖਰੀਦ ਐਮਐਸਪੀ ਮੁਤਾਬਕ ਕੀਤੀ ਜਾ ਸਕੇ। ਮਲੂਕਾ ਬੋਲੇ ਜੇ ਅਜਿਹਾ ਨਾ ਹੋਇਆ ਤਾਂ ਅਕਾਲੀ ਦਲ ਵੱਲੋਂ ਇਸ ਦੇ ਵਿਰੋਧ ਵਿੱਚ ਧਰਨਾ ਵੀ ਲਗਾਇਆ ਜਾਵੇਗਾ।
ਇਸ ਦੇ ਨਾਲ ਹੀ ਮਲੂਕਾ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਬੋਲੀ ਸਮੇਂ ਹਾਜ਼ਰ ਰਹਿ ਕੇ ਨਮੀਂ ਚੈੱਕ ਕਰਨ ਵਾਲੀ ਮਸ਼ੀਨ ਦਾ ਇਸਤੇਮਾਲ ਯਕੀਨੀ ਬਣਾਉਣ ਦੀ ਅਪੀਲ ਕੀਤੀ। ਤਾਂ ਜੋ ਮੌਕੇ 'ਤੇ ਹੀ ਨਰਮੇ ਦੀ ਸਹੀ ਬੋਲੀ ਲਗਾਈ ਜਾ ਸਕੇ।
ਇਸ ਦੇ ਨਾਲ ਹੀ ਸਿਕੰਦਰ ਮਲੂਕਾ ਨੇ ਕਿਸਾਨਾਂ ਦੇ ਖੇਤੀ ਕਾਨੂੰਨ ਸੰਬੰਧੀ ਲਗੇ ਧਰਨਿਆਂ 'ਤੇ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਹਮੇਸ਼ਾ ਨਾਲ ਖੜ੍ਹੀ ਹੈ ਤੇ ਚੰਡੀਗੜ੍ਹ ਵਿੱਚ ਹੋਣ ਜਾ ਰਹੇ ਕਿਸਾਨ ਆਗੂਆਂ ਦੀ ਬੈਠਕ ਦੇ ਫ਼ੈਸਲੇ ਦਾ ਵੀ ਪੂਰਾ ਸਮਰਥਨ ਕਰੇਗੀ।