ਤਲਵੰਡੀ ਸਾਬੋ: ਇੱਕ ਪਾਸੇ ਜਿੱਥੇ ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਰਾਤ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਐਲਾਨਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਨਸ਼ੇੜੀਆਂ ਦੇ ਬੁਲੰਦ ਹੌਂਸਲੇ ਸਾਫ ਦਿਖਾਈ ਦੇ ਰਹੇ ਹਨ। ਤਲਵੰਡੀ ਸਾਬੋ ਵਿਖੇ ਕਰਫ਼ਿਊ ਦੇ ਬਾਵਜੂਦ ਬੀਤੀ ਦੇਰ ਰਾਤ ਇੱਕ ਦੁਕਾਨਦਾਰ ਦੀ ਦੁਕਾਨ ਉੱਤੇ ਕੁੱਝ ਨਸ਼ੇੜੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਾਫ਼ੀ ਨੁਕਸਾਨ ਕਰ ਦਿੱਤਾ ਗਿਆ।
ਦੁਕਾਨਦਾਰ ਅਨੁਸਾਰ ਰਾਤ ਨੂੰ ਕਰੀਬ 9:30 ਵਜੇ ਕੁਝ ਨੌਜਵਾਨਾਂ ਨੇ ਉਸ ਨੂੰ ਆਵਾਜ਼ ਮਾਰ ਕੇ ਦੁਕਾਨ ਖੋਲ੍ਹ ਕੇ ਉਨ੍ਹਾਂ ਨੂੰ ਸੌਦਾ ਦੇਣ ਲਈ ਕਿਹਾ, ਪਰ ਉਸ ਨੇ ਕਰਫ਼ਿਊ ਦੇ ਮੱਦੇਨਜ਼ਰ ਦੁਕਾਨ ਖੋਲ੍ਹਣ ਤੋਂ ਮਨ੍ਹਾ ਕਰ ਦਿੱਤਾ। ਜਿਸ ਤੋਂ ਬਾਅਦ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਘਰ ਦੇ ਦਰਵਾਜ਼ੇ ਭੰਨ ਦਿੱਤੇ। ਦੁਕਾਨਦਾਰ ਅਨੁਸਾਰ ਅੱਧਾ ਘੰਟਾ ਇਹ ਤਮਾਸ਼ਾ ਚਲਦਾ ਰਿਹਾ, ਪੁਲਿਸ ਨੂੰ ਫੋਨ ਕਰਨ ਦੇ ਬਾਵਜੂਦ ਪੁਲਿਸ ਨਾ ਪੁੱਜੀ ਅਤੇ ਬਾਅਦ ਵਿੱਚ ਪੁਲਿਸ ਮੌਕਾ ਦੇਖ ਕੇ ਚਲਦੀ ਬਣੀ। ਦੁਕਾਨਦਾਰ ਨੇ ਕਿਹਾ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।