ਬਠਿੰਡਾ: ਪੰਜਾਬ ਵਿੱਚ ਇਸ ਸਮੇਂ ਨਸ਼ੇ ਦਾ ਕਹਿਰ ਇਸ ਕਦਰ ਜਾਰੀ ਹੈ ਕਿ ਪਿੰਡਾਂ ਦੇ ਪਿੰਡ ਇਸ ਦਲਦਲ ਵਿੱਚ ਫਸੇ ਹੋਏ ਹਨ। ਭਾਵੇਂ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਨਸ਼ੇ ਨੂੰ ਖ਼ਤਮ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਗਏ, ਪਰ ਜਿਉਂ ਜਿਉਂ ਸਮਾਂ ਬੀਤਦਾ ਗਿਆ, ਨਸ਼ੇ ਦਾ ਕਹਿਰ ਵੀ ਵੱਧਦਾ ਚਲਾ ਗਿਆ। ਇਸ ਕਹਿਰ ਤੋਂ ਬਠਿੰਡਾ ਦਾ ਪਿੰਡ ਗੋਬਿੰਦਪੁਰਾ ਵੀ ਨਹੀਂ ਬਚ ਪਾਇਆ। ਹੁਣ ਪਿੰਡ ਉੱਤੇ ਲੱਗੇ ਨਸ਼ੇ ਦੇ ਦਾਗ਼ ਨੂੰ ਸਾਫ਼ ਕਰਨ ਦੀ ਪਹਿਲਕਦਮੀ ਫੌਜ ਵਿੱਚੋਂ ਸੇਵਾ ਮੁਕਤ ਆਏ ਫ਼ੌਜੀ ਜਵਾਨ ਵਲੋਂ ਕੀਤੀ ਜਾ ਰਹੀ ਹੈ। ਉਸ ਵਲੋਂ ਨੌਜਵਾਨਾਂ ਨੂੰ ਮੁਫ਼ਤ ਵਿੱਚ ਫੌਜ ਤੇ ਪੁਲਿਸ ਵਿੱਚ ਭਰਤੀ ਲਈ ਟ੍ਰੇਨਿੰਗ (free army training in hargobindpura) ਦਿੱਤੀ ਜਾ ਰਹੀ ਹੈ।
ਸਾਬਕਾ ਫੌਜੀ ਜਵਾਨ ਸੁਖਪਾਲ ਸਿੰਘ ਮਾਨ ਵੱਲੋਂ ਆਪਣੇ ਪਿੰਡ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਵੱਖਰਾ ਉਪਰਾਲਾ ਕਰਨ ਦਾ ਵਿਚਾਰ ਕੀਤਾ ਅਤੇ ਇਸ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਪਿੰਡ ਵਿੱਚ ਹੀ ਨੌਜਵਾਨ ਲੜਕੇ-ਲੜਕੀਆਂ ਨੂੰ ਫਿਜ਼ੀਕਲ ਟ੍ਰੇਨਿੰਗ ਸ਼ੁਰੂ ਕਰ ਦਿੱਤੀ, ਤਾਂ ਜੋ ਇਸ ਟ੍ਰੇਨਿੰਗ ਨਾਲ ਫੌਜ ਅਤੇ ਪੁਲਿਸ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਸਕਣ।
ਸਾਥੀ ਵੱਲੋਂ ਤਾਅਨਾ ਮਾਰਿਆ ਤਾਂ ਲੱਭਿਆ ਇਹ ਤਰੀਕਾ : ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਸੇਵਾ ਮੁਕਤ ਫੌਜੀ ਜਵਾਨ ਸੁਖਪਾਲ ਸਿੰਘ ਮਾਨ ਨੇ ਦੱਸਿਆ ਕਿ ਉਹ ਕਰੀਬ ਛੇ ਮਹੀਨੇ ਪਹਿਲਾਂ ਹੀ ਫੌਜ ਵਿੱਚੋਂ ਸੇਵਾ ਮੁਕਤ ਹੋ ਕੇ ਆਇਆ ਹੈ। ਇਸ ਦੌਰਾਨ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਕਰ ਰਿਹਾ ਸੀ, ਤਾਂ ਉਨ੍ਹਾਂ ਦੇ ਪਿੰਡ ਗੋਬਿੰਦਪੁਰਾ ਦੀ ਨਸ਼ੇ ਨੂੰ ਲੈ ਕੇ ਵੀਡੀਓ ਕਾਰਨ ਨਾਲ ਦੇ ਸਾਥੀ ਵੱਲੋਂ ਤਾਅਨਾ ਮਾਰਿਆ ਗਿਆ ਕਿ ਤੁਹਾਡੇ ਪਿੰਡ ਦੇ ਨੌਜਵਾਨ ਨਸ਼ਿਆਂ ਦੀ ਮਾਰ ਹੇਠ ਹਨ। ਤੁਹਾਡੇ ਪਿੰਡ ਕਿਸੇ ਵਿਅਕਤੀ ਨੇ ਰਿਸ਼ਤਾ ਵੀ ਨਹੀਂ ਕਰਨਾ। ਸਾਥੀ ਵੱਲੋਂ ਸਾਬਕਾ ਫੌਜੀ ਸੁਖਪਾਲ ਸਿੰਘ ਮਾਨ (Physical Training To Boys and Girls) ਨੂੰ ਕਹੀ ਗਈ ਗੱਲ ਇਸ ਕਦਰ ਘਰ ਕਰ ਗਈ ਕੇ ਸਾਬਕਾ ਫੌਜੀ ਵਲੋਂ ਆਪਣੇ ਪਿੰਡ ਦੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਰੀਰਕ ਤੌਰ ਉੱਤੇ ਫਿੱਟ ਰੱਖਣ ਲਈ ਫਿਜੀਕਲ ਟ੍ਰੇਨਿੰਗ ਸ਼ੁਰੂ ਕੀਤੀ ਗਈ ਅਤੇ ਇਸ ਲਈ ਪਿੰਡ ਦੀ ਪੰਚਾਇਤ ਦਾ ਸਹਿਯੋਗ ਲੈਂਦੇ ਹੋਏ ਸੁਖਪਾਲ ਸਿੰਘ ਵੱਲੋਂ ਪਿੰਡ ਦੀ ਸਾਂਝੀ ਜਗ੍ਹਾ ਵਿੱਚ ਟ੍ਰੇਨਿੰਗ ਦੇਣ ਦਾ ਉਪਰਾਲਾ ਵਿੱਢਿਆ ਗਿਆ।
ਮੁਫ਼ਤ ਫਿਜ਼ੀਕਲ ਟ੍ਰੇਨਿੰਗ : ਸੁਖਪਾਲ ਮਾਨ ਨੇ ਦੱਸਿਆ ਕਿ ਹੌਲੀ-ਹੌਲੀ ਪਿੰਡ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਉਨ੍ਹਾਂ ਕੋਲ ਫਿਜ਼ੀਕਲ ਟ੍ਰੇਨਿੰਗ ਲੈਣ ਲਈ ਆਉਣ ਲੱਗੇ। ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਕੋਲ ਦੂਜਾ ਬੈਚ ਸਿਖਲਾਈ ਲੈ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵਿੱਚੋਂ ਕਾਫੀ ਨੌਜਵਾਨ ਅਗਨੀਵੀਰ ਵਜੋਂ ਭਰਤੀ ਹੋ ਚੁੱਕੇ ਹਨ। ਇਹ ਫਿਜ਼ੀਕਲ ਟ੍ਰੇਨਿੰਗ ਉਸ ਵੱਲੋਂ ਸਵੇਰੇ-ਸ਼ਾਮ ਦਿੱਤੀ ਜਾ ਰਹੀ ਹੈ ਅਤੇ ਕਿਸੇ ਵੀ ਸਿੱਖਿਆਰਥੀ ਤੋਂ ਕੋਈ ਪੈਸਾ ਨਹੀਂ ਲਿਆ ਜਾ ਰਿਹਾ। ਉਸ ਵੱਲੋਂ ਬਕਾਇਦਾ ਬੱਚਿਆਂ ਨੂੰ ਫਿਜ਼ੀਕਲ ਟ੍ਰੇਨਿੰਗ ਦੇ ਨਾਲ-ਨਾਲ ਲਿਖ਼ਤੀ ਟੈਸਟ ਦੀ ਵੀ ਤਿਆਰੀ ਕਰਵਾਈ ਜਾ ਰਹੀ ਹੈ। ਇਸ ਸਮੇਂ ਉਨ੍ਹਾਂ ਕੋਲ ਟ੍ਰੇਨਿੰਗ ਲੈਣ ਲਈ ਦੂਜੇ ਸੂਬਿਆਂ ਤੋਂ ਲੜਕੇ-ਲੜਕੀਆਂ ਵੀ ਆ ਰਹੇ ਹਨ, ਜਿਨ੍ਹਾਂ ਦੇ ਰਹਿਣ ਦਾ ਪ੍ਰਬੰਧ ਉਨ੍ਹਾਂ ਵੱਲੋਂ ਪਿੰਡ ਵਿੱਚ ਹੀ ਕੀਤਾ ਗਿਆ ਹੈ।
ਸਾਬਕਾ ਫੌਜੀ ਸੁਖਪਾਲ ਸਿੰਘ ਮਾਨ ਤੋਂ ਫਿਜ਼ੀਕਲ ਟ੍ਰੇਨਿੰਗ ਲੈ ਰਹੀ ਮਾਨਸਾ ਜ਼ਿਲ੍ਹੇ ਦੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਸੁਪਨਾ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦਾ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਆਪਣੇ ਜ਼ਿਲ੍ਹੇ ਨੂੰ ਛੱਡ ਕੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰ ਵਿਖੇ ਸਾਬਕਾ ਫੌਜੀ ਸੁਖਪਾਲ ਸਿੰਘ ਤੋਂ ਫਿਜੀਕਲ ਟ੍ਰੇਨਿੰਗ ਲੈ ਰਹੀ ਹੈ। ਇਹ ਟ੍ਰੇਨਿੰਗ ਸੁਖਪਾਲ ਸਿੰਘ ਵੱਲੋਂ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ ਰਹਿਣ ਦਾ ਪ੍ਰਬੰਧ ਵੀ ਸੁਖਪਾਲ ਸਿੰਘ ਮਾਣ ਵੱਲੋਂ ਹੀ ਪਿੰਡ ਵਿੱਚ ਕਰਵਾਇਆ ਗਿਆ। ਅਮਨਦੀਪ ਕੌਰ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਹ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਮਾਂ ਪਿਉ ਦਾ ਸੁਪਨਾ ਸੁਖਪਾਲ ਸਿੰਘ ਮਾਨ ਦੀ ਟ੍ਰੇਨਿੰਗ ਸਦਕਾ ਇੱਕ ਦਿਨ ਪੂਰਾ ਕਰੇਗੀ।