ਬਠਿੰਡਾ: ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਵੱਲੋਂ ਅੱਜ ਉਤਰ ਪ੍ਰਦੇਸ ਦੇ ਬਰਨਾਵਾ ਤੋਂ ਕੀਤੇ ਜਾਣ ਵਾਲੀ ਔਨਲਾਈਨ ਸਤਿਸੰਗ ਨੂੰ ਲੈ ਕੇ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਰਾਮ ਰਹੀਮ ਦੇ ਔਨਲਾਈਨ ਸਤਿਸੰਗ ਦਾ ਪ੍ਰਬੰਧ ਬਠਿੰਡਾ ਵਿਖੇ ਸਲਾਬਤਪੁਰਾ ਦੇ ਪਿੰਡ ਜਲਾਲ ਵਿਖੇ ਕੀਤਾ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਰਾਮ ਰਹੀਮ ਦੇ ਸਤਿਸੰਗ ਦਾ ਵਿਰੋਧ ਕਰਨ 'ਤੇ ਅਮਰੀਕ ਸਿੰਘ ਅਜਨਾਲਾ ਨੂੰ ਰੋਕਿਆ : ਡੇਰਾ ਸਿਰਸਾ ਰਾਮ ਰਹੀਮ ਦਾ ਬਠਿੰਡਾ ਦੇ ਸਲਾਬਤਪੁਰਾ ਆਸ਼ਰਮ ਵਿੱਚ ਔਨਲਾਈ ਸਤਿਸੰਗ ਦਾ ਵਿਰੋਧ ਕਰਨ ਪਹੁੰਚੇ ਅਮਰੀਕ ਸਿੰਘ ਅਜਨਾਲਾ ਨੂੰ ਪੁਲਿਸ ਨੇ ਰੋਕ ਦਿੱਤਾ ਹੈ। ਗੱਡੀ ਵਿੱਚ ਪਹੁੰਚੇ ਅਮਰੀਕ ਸਿੰਘ ਅਜਨਾਲਾ ਨੂੰ ਪੁਲਿਸ ਨੇ ਘਨੱਈਆ ਚੌਂਕ ਨੇੜੇ ਥਰਮਲ ਪਲਾਂਟ ਕੋਲ ਰੋਕਿਆ।
ਸਲਾਬਤਪੁਰਾ 'ਚ ਦੂਜਾ ਵੱਡਾ ਆਸ਼ਰਮ: ਬਠਿੰਡਾ ਵਿੱਚ ਰਾਮ ਰਹੀਮ ਦਾ ਸਲਾਬਤਪੁਰਾ ਡੇਰਾ ਹਰਿਆਣਾ ਦੇ ਸਿਰਸਾ ਤੋਂ ਬਾਅਦ ਦੂਜਾ ਵੱਡਾ ਆਸ਼ਰਮ ਹੈ। ਤਕਰੀਬਰ ਪੰਜ ਸਾਲ ਤੋਂ ਬਾਅਦ ਰਾਮ ਰਹੀਮ ਇਸ ਆਸ਼ਰਮ ਵਿੱਚ ਸਤਿਸੰਗ ਕਰਨ ਜਾ ਰਿਹਾ ਹੈ। ਹਾਲਾਂਕਿ ਇਸ ਵਾਰ ਇਹ ਸਤਿਸੰਗ ਵਰਚੂਅਲ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਡੇਰੇ ਵਿੱਚ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਹੌਲੀ ਹੌਲੀ ਰਾਮ ਰਹੀਮ ਦੇ ਸਮਰਥਕ ਵੀ ਪੁੱਜਣੇ ਸ਼ੁਰੂ ਹੋ ਗਏ ਹਨ। ਸੰਗਤ ਲਈ ਲੰਗਰ ਤੱਕ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ।
ਵਿਵਾਦਾਂ 'ਚ ਰਿਹਾ ਸਲਾਬਤਪੁਰਾ ਆਸ਼ਰਮ: ਬਠਿੰਡਾ ਦਾ ਸਲਾਬਤਪੁਰਾ ਆਸ਼ਰਮ 2010 'ਚ ਉਸ ਸਮੇਂ ਵਿਵਾਦਾਂ ਵਿੱਚ ਆਇਆ, ਜਦੋਂ ਇਸੇ ਆਸ਼ਰਮ ਵਿੱਚ ਰਾਮ ਰਹੀਮ ਨੇ ਖੁਦ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਸੀ। ਸੰਗਤ ਵਿੱਚ ਉਸੇ ਅਵਤਾਰ ਵਿੱਚ ਆਇਆ ਸੀ। ਇਸ ਤੋਂ ਬਾਅਦ ਸਿੱਖ ਸੰਗਤ ਵੱਲੋਂ ਕਾਫੀ ਵਿਰੋਧ ਕੀਤਾ ਗਿਆ।
SGPC ਕਰ ਰਹੀ ਵਿਰੋਧ: ਦੂਜੇ ਪਾਸੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਖਿਲਾਫ ਹਾਈ ਕੋਰਟ ਜਾਣ ਦੀ ਗੱਲ ਕਹੀ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ 14 ਮਹੀਨਿਆਂ ਵਿੱਚ 4 ਵਾਰ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਜਾ ਚੁੱਕੀ ਹੈ। ਵਾਰ-ਵਾਰ ਇਸ ਨੂੰ ਪੈਰੋਲ ਮਿਲ ਰਹੀ ਹੈ। ਇਸ ਵਾਰ ਫਿਰ ਰਾਮ ਰਹੀਮ ਨੇ ਕਿਰਪਾਣ ਨਾਲ ਕੇਕ ਕੱਟਿਆ ਜਿਸ ਤੋਂ ਬਾਅਦ ਸਿੱਖਾਂ ਵਿੱਚ ਇਸ ਨੂੰ ਲੈ ਕੇ ਰੋਸ ਵੇਖਿਆ ਗਿਆ। SGPC ਦੇ ਦੋਸ਼ ਹਨ ਕਿ ਰਾਮ ਰਹੀਨ ਜਾਣਬੂਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਸਬੰਧ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਵੀ ਆਇਆ ਸੀ ਕਿ, "ਆਸਾਰਾਮ ਤੇ ਰਾਮ ਰਹੀਮ ਉੱਤੇ ਇੱਕੋ ਜਿਹੇ ਦੋਸ਼ ਤੈਅ ਹੋਏ ਹਨ, ਆਸਾਰਾਮ ਨੂੰ ਪੈਰੋਲ ਨਹੀਂ ਮਿਲੀ, ਪਰ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲ ਰਹੀ ਹੈ।"
ਭਾਜਪਾ ਆਗੂ ਰਾਮ ਰਹੀਮ ਦੇ ਆਨਲਾਈਨ ਸਤਿਸੰਗ ਵਿੱਚ ਸ਼ਾਮਲ : ਰਾਜ ਸਭਾ ਮੈਂਬਰ ਕ੍ਰਿਸ਼ਨ ਪੰਵਾਰ ਅਤੇ ਭਾਜਪਾ ਆਗੂ ਕ੍ਰਿਸ਼ਨ ਬੇਦੀ ਰਾਮ ਰਹੀਮ ਦੇ ਆਨਲਾਈਨ ਸਤਿਸੰਗ ਵਿੱਚ ਸ਼ਾਮਲ ਹੋਏ। ਉਨ੍ਹਾਂ ਰਾਮ ਰਹੀਮ ਵੱਲੋਂ ਚਲਾਈ ਗਈ ਸਫਾਈ ਮੁਹਿੰਮ ਦੀ ਸ਼ਲਾਘਾ ਕੀਤੀ। ਦਰਅਸਲ ਕਬੀਰ ਦਾਸ ਜੈਅੰਤੀ 3 ਫਰਵਰੀ ਨੂੰ ਨਰਵਾਣਾ 'ਚ ਮਨਾਈ ਜਾਵੇਗੀ। ਇਸ ਪ੍ਰੋਗਰਾਮ ਲਈ ਭਾਜਪਾ ਨੇਤਾ ਕ੍ਰਿਸ਼ਨ ਬੇਦੀ ਨੇ ਰਾਮ ਰਹੀਮ ਨੂੰ ਸੱਦਾ ਦਿੱਤਾ ਸੀ। ਪਹਿਲਾਂ ਭਾਜਪਾ ਨੇਤਾ ਕ੍ਰਿਸ਼ਨਾ ਬੇਦੀ ਨੇ ਰਾਮ ਰਹੀਮ ਨਾਲ ਆਨਲਾਈਨ ਗੱਲ ਕੀਤੀ ਸੀ ਜਿਸ 'ਚ ਭਾਜਪਾ ਨੇਤਾ ਨੇ ਰਾਮ ਰਹੀਮ ਦੇ ਸਫਾਈ ਅਭਿਆਨ ਦੀ ਤਾਰੀਫ ਕੀਤੀ। ਭਾਜਪਾ ਆਗੂ ਨੇ ਕਿਹਾ ਕਿ ਰਾਮ ਰਹੀਮ ਨੇ ਸੂਬੇ ਭਰ ਵਿੱਚ ਜੋ ਸਫਾਈ ਮੁਹਿੰਮ ਚਲਾਈ ਹੈ। ਉਸ ਲਈ ਬਹੁਤ ਬਹੁਤ ਵਧਾਈਆਂ।
ਦਿੱਲੀ ਮਹਿਲਾ ਕਮੀਸ਼ਨਰ ਸਵਾਤੀ ਨੇ ਵੀ ਘੇਰੀ ਹਰਿਆਣਾ ਸਰਕਾਰ: ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਟਵੀਟ ਕਰਦਿਆ ਲਿਖਿਆ ਕਿ, "ਫਿਰ ਤੋਂ ਬਲਾਤਕਾਰੀ ਕਾਤਲ ਰਾਮ ਰਹੀਮ ਦੀ ਪਾਖੰਡੀ ਤਮਾਸ਼ਾ ਸ਼ੁਰੂ ਹੋ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਓਐਸਡੀ ਅਤੇ ਰਾਜਸਭਾ ਸਾਂਸਦ ਇਸ ਦੇ ਦਰਬਾਰ ਵਿੱਚ ਹਾਜ਼ਰ ਹੋਏ। ਖੱਟਰ ਜੀ ਸਿਰਫ ਇਹ ਕਹਿ ਕੇ ਕੰਮ ਨਹੀ ਚੱਲੇਗਾ ਕਿ ਇਸ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੈ। ਖੁੱਲ੍ਹ ਕੇ ਆਪਣਾ ਪੱਖ ਦੱਸੋ- ਤੁਸੀ ਬਲਾਤਕਾਰੀ ਦੇ ਨਾਲ ਹੋ ਜਾਂ ਔਰਤਾਂ ਨਾਲ?"
ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਪੈਰੋਲ ਮਿਲਣ ਉੱਤੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਹਰਿਆਣਾ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਨੇ ਟਵੀਟ ਕਰਦਿਆ ਲਿਖਿਆ ਸੀ ਕਿ, 'ਬਲਾਤਕਾਰੀ ਕਾਤਲ ਰਾਮ ਰਹੀਮ ਨੂੰ ਇਕ ਵਾਰ ਫਿਰ 40 ਦਿਨ ਦੀ ਪੈਰੋਲ ਦਿੱਤੀ ਹਈ ਹੈ। ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ। ਦੇਸ਼ ਵਾਸੀ ਆਪਣੀਆਂ ਧੀਆਂ ਨੂੰ ਬਚਾਉਣ, ਬਲਾਤਕਾਰੀ ਆਜ਼ਾਦ ਘੁੰਮਣਗੇ।'