ਬਠਿੰਡਾ: ਖੇਤੀ ਆਰਡੀਨੈਂਸ ਦੇ ਖ਼ਿਲਾਫ਼ ਬਠਿੰਡਾ ਵਿੱਚ ਧਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਦੀ ਸਾਰ ਲੈਣ ਲਈ ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਖੇਤੀ ਆਰਡੀਨੈਂਸ ਨੂੰ ਲੈ ਕੇ ਆਉਣ ਵਾਲੀ ਕੇਂਦਰ ਸਰਕਾਰ 'ਤੇ ਜੰਮ ਕੇ ਨਿਸ਼ਾਨੇ ਸਾਧੇ।
ਅਦਾਕਾਰ ਦੀਪ ਸਿੱਧੂ ਨੇ ਕਿਹਾ ਕਿ ਖੇਤੀ ਆਰਡੀਨੈਂਸ ਕਿਸਾਨਾਂ ਦੇ ਖ਼ਿਲਾਫ਼ ਹੈ, ਜੋ ਕਿ ਜਬਰਦਸਤੀ ਕਿਸਾਨਾਂ 'ਤੇ ਲਾਗੂ ਕੀਤਾ ਜਾ ਰਿਹਾ ਹੈ। ਹੁਣ ਇਹ ਬਿੱਲ ਸੰਸਦ ਵਿਚ ਵੀ ਪਾਸ ਹੋ ਚੁੱਕਿਆ ਹੈ ਤੇ ਇਹ ਸਿਰਫ਼ ਕੇਂਦਰ ਸਰਕਾਰ ਪ੍ਰਾਈਵੇਟ ਘਰਾਣਿਆਂ ਨੂੰ ਮੁਨਾਫ਼ਾ ਦੇਣ ਲਈ ਕਿਸਾਨਾਂ ਦੀ ਜ਼ਮੀਨਾਂ ਨੂੰ ਵਰਤਣਾ ਚਾਹੁੰਦੀ ਹੈ ਤੇ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਉੱਤੇ ਮਜ਼ਦੂਰ ਬਣਾਉਣਾ ਚਾਹੁੰਦੀ ਹੈ।
ਜੇਕਰ ਕੇਂਦਰ ਸਰਕਾਰ ਇਹ ਕਾਨੂੰਨ ਪਾਸ ਕਰਨਾ ਚਾਹੁੰਦੀ ਸੀ ਤਾਂ ਕੇਂਦਰ ਸਰਕਾਰ ਨੂੰ ਇੱਕ ਵਾਰ ਕਿਸਾਨ ਜਥੇਬੰਦੀਆਂ ਦੇ ਨਾਲ ਇਸ ਸਬੰਧੀ ਗੱਲਬਾਤ ਕਰਨੀ ਚਾਹੀਦੀ ਸੀ। ਪਾਰਲੀਮੈਂਟ ਵਿੱਚ ਬੈਠ ਕੇ ਬਿੱਲ ਪਾਸ ਕੀਤੇ ਜਾ ਰਹੇ ਹਨ ਜਦੋਂ ਕਿ ਦੇਸ਼ ਦਾ ਅੰਨਦਾਤਾ ਸੜਕਾਂ 'ਤੇ ਧੁੱਪਾਂ ਵਿੱਚ ਬੈਠ ਕੇ ਧਰਨੇ ਦੇ ਰਿਹਾ ਹੈ।
ਦੀਪ ਸਿੱਧੂ ਨੇ ਕਿਹਾ ਕਿ ਉਹ ਮੁਕੰਮਲ ਤੌਰ 'ਤੇ ਕਿਸਾਨ ਜਥੇਬੰਦੀਆਂ ਦੇ ਨਾਲ ਸਹਿਯੋਗ ਦੇਣ ਲਈ ਖੜ੍ਹੇ ਹਨ ਕਿਉਂਕਿ ਉਹ ਵੀ ਇੱਕ ਕਿਸਾਨ ਦੇ ਪੁੱਤਰ ਹਨ ਅਤੇ ਕਿਸਾਨੀ ਦੇ ਨਾਲ ਉਨ੍ਹਾਂ ਦਾ ਜੀਵਨ ਜੁੜਿਆ ਹੈ।
ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਦੇਣ ਦੀ ਗੱਲ ਨੂੰ ਇੱਕ ਸਿਆਸੀ ਡਰਾਮਾ ਦੱਸਿਆ। ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਸਿਰਫ਼ ਵੋਟ ਬੈਂਕ ਦੀ ਸਿਆਸਤ ਹੈ।
ਆਉਣ ਵਾਲੀਆਂ ਚੋਣਾਂ ਨੂੰ ਵੇਖਦਿਆਂ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦਿੱਤਾ ਹੈ ਕਿਉਂਕਿ ਸਭ ਤੋਂ ਵੱਧ ਭੀੜ ਕਿਸਾਨਾਂ ਦੀ ਹੀ ਨਜ਼ਰ ਆਉਂਦੀ ਹੈ ਜਿਸ 'ਤੇ ਉਹ ਰਾਜ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਇਸ ਅਸਤੀਫ਼ੇ ਨਾਲ ਹੁਣ ਕਿਸਾਨ ਉਨ੍ਹਾਂ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ।