ਸਿਰਸਾ: ਮੌੜ ਮੰਡੀ 'ਚ ਹੋਏ ਬਲਾਸਟ ਮਾਮਲੇ 'ਚ ਪੰਜਾਬ ਪੁਲਿਸ ਦੇਰ ਸ਼ਾਮ ਸਿਰਸਾ ਦੇ ਡੇਰਾ ਸੱਚਾ ਸੌਦਾ ਪਹੁੰਚੀ ਤੇ ਡੀਐਸਪੀ ਕੁਲਦੀਪ ਸਿੰਘ ਦੀ ਅਗਵਾਈ 'ਚ ਐਸਆਈਟੀ ਨੇ ਡੇਰੇ ਦੀ ਮੈਨੇਜਮੈਂਟ ਨੂੰ ਨੋਟਿਸ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਸਆਈਟੀ ਨੇ ਡੇਰਾ ਮੈਨੇਜਮੈਂਟ ਨੂੰ 23 ਜਨਵਰੀ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਹੁਕਮ ਜਾਰੀ ਕੀਤਾ ਹੈ।
ਦੱਸਣਯੋਗ ਹੈ ਕਿ ਐਸਆਈਟੀ ਨੇ ਤਿੰਨ ਜਣਿਆਂ ਅਵਤਾਰ ਸਿੰਘ, ਗੁਰਤੇਜ ਸਿੰਘ ਤੇ ਅਮਰੀਕ ਸਿੰਘ ਨੂੰ ਵਾਂਟੇਡ ਐਲਾਨਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਤਿੰਨੋਂ ਡੇਰਾ ਸਮਰਥਕ ਹਨ ਤੇ ਇਸ ਮਾਮਲੇ ਦਾ ਡੇਰੇ ਨਾਲ ਕੁਨੈਕਸ਼ਨ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਵੀ 6 ਜਨਵਰੀ ਨੂੰ ਪੰਜਾਬ ਪੁਲਿਸ ਦੀ ਇੱਕ ਟੀਮ ਇਸ ਮਾਮਲੇ ਦੀ ਜਾਂਚ ਲਈ ਡੇਰਾ ਸਿਰਸਾ ਪਹੁੰਚੀ ਸੀ। ਪੁਲਿਸ ਨੇ ਨੋਟਿਸ ਰਾਹੀਂ ਚੇਅਰਪਰਸਨ ਵਿਪਾਸਨਾ ਨੂੰ 15 ਜਨਵਰੀ ਨੂੰ ਬਠਿੰਡਾ ਆਈਜੀ ਸਾਹਮਣੇ ਪੇਸ਼ ਹੋਣ ਨੂੰ ਕਿਹਾ ਸੀ ਪਰ ਵਿਪਾਸਨਾ ਪੇਸ਼ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਪੰਜਾਬ 'ਚ ਵਿਧਾਨ ਸਭਾ ਚੋਣਾਂ ਦੌਰਾਨ 31 ਜਨਵਰੀ 2017 ਨੂੰ ਤਲਵੰਡੀ ਸਾਬੋ ਹਲਕੇ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਡੇਰਾ ਪ੍ਰਮੁੱਖ ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਦੀ ਮੌੜ ਮੰਡੀ 'ਚ ਹੋਈ ਚੋਣ ਰੈਲੀ 'ਚ ਬੰਬ ਧਮਾਕਾ ਹੋਇਆ ਸੀ। ਇਸ ਬਲਾਸਟ 'ਚ ਪੰਜ ਬੱਚਿਆਂ ਸਣੇ ਸੱਤ ਲੋਕਾਂ ਦੀ ਮੌਤ ਹੋਈ ਸੀ। ਪੰਜਾਬ ਸਰਕਾਰ ਨੇ ਇਸ ਲਈ ਐਸਆਈਟੀ ਦਾ ਗਠਨ ਕੀਤਾ ਹੈ।