ਬਠਿੰਡਾ: ਬਠਿੰਡਾ ਵਿੱਚ ਮਹਾਰਾਜਾ ਟੈਕਨੀਕਲ ਯੂਨੀਵਰਸਿਟੀ ਦੇ ਸਲਾਨਾ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਇਕ ਇਮਾਨਦਾਰ ਮੁੱਖਮੰਤਰੀ ਮਿਲਿਆ ਹੈ। ਹੁਣ ਮਾਰਚ ਦੇ ਮਹੀਨੇ ਵਿੱਚ ਪੰਜਾਬ ਸਰਕਾਰ ਦਾ ਬਜਟ ਆਉਣ ਜਾ ਰਿਹਾ ਹੈ। ਇਸ ਵਿੱਚ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਖਾਸ ਧਿਆਨ ਰੱਖਿਆ ਜਾਵੇਗਾ।
ਸਿੱਖਿਆ ਦਾ ਮਿਆਰ ਉੱਚਾ ਹੋਵੇਗਾ : ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਤਰਫੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਨੂੰ ਵਿਦੇਸ਼ ਸਿੰਗਾਪੁਰ ਵਿੱਚ ਖਾਸਤੌਰ ਉੱਤੇ ਸਕੂਲਾਂ ਨਾਲ ਜੁੜੀ ਟ੍ਰੇਨਿੰਗ ਲੈਣ ਲਈ ਭੇਜਿਆ ਗਿਆ ਸੀ। ਪ੍ਰਿੰਸੀਪਲਾਂ ਦਾ ਬੈਚ ਹੁਣ ਟ੍ਰੇਨਿੰਗ ਲੈ ਕੇ ਵਾਪਸ ਪੰਜਾਬ ਆ ਗਿਆ ਹੈ ਅਤੇ ਇਹ ਸਿਲਸਿਲਾ ਇਸ ਤਰਾਂ ਹੀ ਚਲਦਾ ਰਹੇਗਾ।
ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਵਿਚ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲੈਣ ਲਈ ਭੇਜਿਆ ਜਾਵੇਗਾ ਤਾਂ ਕਿ ਸਰਕਾਰੀ ਸਕੂਲਾਂ ਦਾ ਮਿਆਰ ਹੋਰ ਉੱਚਾ ਚੁੱਕਿਆ ਜਾ ਸਕੇ। ਤਾਂ ਜੋ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਦੇ ਵਿਚ ਆਪਣੀ ਪੜ੍ਹਾਈ ਪੂਰੀ ਕਰ ਸਕਣ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਘੇਰਨ ਸੰਬੰਧੀ ਬਿਆਨ ਦਿੱਤੇ ਜਾ ਰਹੇ ਹਨ, ਜਦੋਂ ਕਿ ਵਿਰੋਧੀਆਂ ਦਾ ਕੰਮ ਹੁੰਦਾ ਹੀ ਸਰਕਾਰ ਦੇ ਖਿਲਾਫ਼ ਬੋਲਣਾ ਹੈ।
ਨਿੱਜੀ ਸਕੂਲਾਂ ਦੀ ਟਰਾਂਸਪੋਰਟ ਨੂੰ ਖਾਸ ਹਦਾਇਤ : ਪਿਛਲੇ ਦਿਨੀਂ ਬਠਿੰਡਾ ਦੇ ਪਿੰਡ ਕੋਠਾ ਗੁਰੂ ਵਿਖੇ ਸਕੂਲ ਵੈਨ ਵਿੱਚੋਂ ਇਕ ਬੱਚੀ ਡਿੱਗ ਗਈ ਸੀ। ਇਸ ਮੁੱਦੇ ਉੱਤੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਮਾਮਲਾ ਗੰਭੀਰ ਹੈ ਅਤੇ ਅੱਗੇ ਤੋਂ ਇਹੋ ਜਿਹੀ ਘਟਨਾ ਦੋਬਾਰਾ ਨਾ ਵਾਪਰੇ ਇਸ ਲਈ ਪ੍ਰਾਈਵੇਟ ਸਕੂਲਾਂ ਦੀ ਟਰਾਂਸਪੋਰਟ ਦੀ ਅਣਗਹਾਲੀ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੀਡੀਆ ਦੇ ਵੀ ਜੇਕਰ ਧਿਆਨ ਵਿੱਚ ਇਸ ਤਰ੍ਹਾਂ ਦੀ ਅਣਗਹਿਲੀ ਦਾ ਕੋਈ ਮਸਲਾ ਹੈ ਤਾਂ ਜਰੂਰ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਪੰਜਾਬ ਨੂੰ ਜਿਸ ਵੀ ਤਰ੍ਹਾਂ ਦੀ ਸਹੂਲਤ ਦੀ ਲੋੜ ਹੋਵੇਗੀ ਉਹ ਪਹਿਲ ਦੇ ਅਧਾਰ ਉੱਤੇ ਦਿੱਤੀ ਜਾਵੇਗੀ।