ਬਠਿੰਡਾ: ਜ਼ਿਲ੍ਹੇ ਦੇ ਫਰੀਡਮ ਫਾਈਟਰ ਅਤੇ ਵਾਰਸਾਂ ਵੱਲੋਂ ਚਿਲਡਰਨ ਪਾਰਕ ਬਠਿੰਡਾ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਦੇ ਖਿਲਾਫ਼ ਰੋਸ ਕਰਨ ਦੀ ਰਣਨੀਤੀ ਤਿਆਰ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਕਰ ਰਹੇ ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਪੰਜਾਬ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੁਤੰਤਰਤਾ ਸੈਨਾਨੀਆਂ ਵੱਲੋਂ ਮੰਗੀਆਂ ਗਈਆਂ ਮੰਗਾਂ ਹਾਲੇ ਤੱਕ ਪੂਰੀ ਨਹੀਂ ਕੀਤੀ ਗਈ, ਜਦੋਂ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ 25 ਅਗਸਤ ਦੀ ਤਾਰੀਖ਼ ਕਹੀ ਗਈ ਸੀ। ਸਾਡੀਆਂ ਮੰਗਾਂ ਨਾਂ ਪੂਰੀਆਂ ਹੋਣ ਦੀ ਸੂਰਤ ਵਿੱਚ 13 ਅਗਸਤ ਨੂੰ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਸ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਅਤੇ 17 ਅਗਸਤ ਨੂੰ ਇਹ ਧਰਨਾ ਪੂਰੇ ਪੰਜਾਬ ਵਿੱਚ ਸਵਤੰਤਰਤਾ ਸੈਨਾਨੀਆਂ ਵੱਲੋਂ ਸੂਬਾ ਸਰਕਾਰ ਖਿਲਾਫ ਕੀਤਾ ਜਾਵੇਗਾ।
ਹਰਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਸੁਤੰਤਰਤਾ ਸੈਨਾਨੀਆਂ ਨੂੰ ਮਿਲਣ ਵਾਲੇ ਰਿਜ਼ਰਵੇਸ਼ਨ ਕੋਟਾ ਅਤੇ ਟੋਲ ਟੈਕਸ ਮੁਫ਼ਤ, 300 ਯਨਿਟ ਮੁਫ਼ਤ ਬਿਜਲੀ ਅਤੇ ਘਰ ਅਲਾਟ ਕਰਨ ਦੀ ਸਕੀਮ ਬਾਰੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਮੰਜੂਰੀ ਮਿਲੀ ਸੀ ਪਰ ਹਾਲੇ ਤੱਕ ਮੰਨੀਆਂ ਨਹੀਂ ਗਈਆਂ ਹਨ। ਇਸ ਕਰਕੇ ਸਾਡੇ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਸੂਬਾ ਸਰਕਾਰ ਖਿਲਾਫ ਅਗਲੀ ਰਣਨੀਤੀ ਵੀ ਤਿਆਰ ਕੀਤੀ ਜਾ ਰਹੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਸੁਤੰਤਰਤਾ ਸੈਨਾਨੀਆਂ ਨੂੰ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀ ਸਹੂਲਤਾਵਾਂ ਨਹੀਂ ਮਿਲ ਰਹੀਆਂ ਹਨ।
ਇਸ ਜ਼ਿਲ੍ਹਾ ਪੱਧਰੀ ਮੀਟਿੰਗ ਦੇ ਦੌਰਾਨ ਜ਼ਿਲ੍ਹਾ ਪ੍ਰਧਾਨ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਜੇਠੂਕੇ ਨੂੰ ਬਣਾਇਆ ਗਿਆ, ਜਨਰਲ ਸਕੱਤਰ ਸੁਖਦੇਵ ਸਿੰਘ ,ਮੀਤ ਪ੍ਰਧਾਨ ਸੁਰਜੀਤ ਸਿੰਘ ਸ਼ੈਲਰਾਂ ਅਤੇ ਇਸੇ ਤਰੀਕੇ ਨਾਲ ਹੋਰ ਅਹੁਦਿਆਂ ਦੀ ਚੋਣ ਫਰੀਡਮ ਫਾਈਟਰ ਸੰਸਥਾ ਵੱਲੋਂ ਕੀਤੀ ਗਈ ।