ਬਠਿੰਡਾ: ਬੀਤੇ ਦਿਨੀ ਸ਼ਹਿਰ 'ਚ ਇੱਕ ਨੌਜਵਾਨ ਕੁੜੀ ਦੀ ਸਿਰ ਵੱਢੀ ਲਾਸ਼ ਮਿਲਣ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਪੁਲਿਸ ਨੇ ਇਸ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਮਾਮਲੇ ਨੂੰ ਸੁਲਝਾਉਣ ਤੋਂ ਬਾਅਦ ਪੁਲਿਸ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਮ੍ਰਿਤਕ ਲੜਕੀ ਆਰਕੈਸਟਰਾ ਦਾ ਕੰਮ ਕਰਦੀ ਸੀ ਅਤੇ ਆਰਕੈਸਟਰਾ ਦਾ ਹੀ ਕੰਮ ਕਰਨ ਵਾਲੇ ਉਸਦੇ ਸਾਥੀਆਂ ਨੇ ਉਸ ਨੂੰ ਪਹਿਲਾਂ ਸ਼ਰਾਬ ਪਿਆਈ ਅਤੇ ਬਾਅਦ ਵਿੱਚ ਉਸ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ। ਪੁਲਿਸ ਨੇ 1 ਮਹਿਲਾ ਅਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਕੋਰਟ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਡੀਐੱਸਪੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਫ਼ੜ੍ਹੇ ਗਏ ਮੁਲਜ਼ਮਾਂ 'ਚ ਪੂਨਮ, ਸੁਖਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਸ਼ਾਮਲ ਹਨ। ਇਹ ਤਿੰਨੋਂ ਬਠਿੰਡਾ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਹੀ ਲੜਕੀ ਦਾ ਬੇਰਹਿਮੀ ਨਾਲ ਕਤਲ ਕਰਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੀ ਇਹ ਕੋਸ਼ਿਸ਼ ਨਾਕਾਮ ਰਹੀ ਅਤੇ ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਬਠਿੰਡਾ ਪੁਲਿਸ ਨੇ ਉਕਤ ਤਿੰਨਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।