ਬਠਿੰਡਾ: ਬੀਤੇ ਦਿਨੀ ਹੋਈ ਬਰਸਾਤ ਕਾਰਨ ਕਈ ਥਾਵਾਂ 'ਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਸੜਕਾਂ, ਘਰਾਂ ਅਤੇ ਸਕੂਲਾਂ 'ਚ ਨੱਕੋ-ਨੱਕ ਪਾਣੀ ਹੈ ਜਿਸ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਸ ਮੁੱਦੇ 'ਤੇ ਹੁਣ ਸਿਆਸਤ ਭਖ ਗਈ ਹੈ ਅਤੇ ਰਵਾਇਤੀ ਪਾਰਟੀਆਂ ਜਿੰਮੇਵਾਰੀ ਦਾ ਠੀਕਰਾ ਇਕ ਦੂਜੇ ਸਿਰ ਭੰਨਦੀਆਂ ਨਜ਼ਰ ਆ ਰਹੀਆਂ ਹਨ।
ਇਸੇ ਮੁੱਦੇ ਨੂੰ ਲੈ ਕੇ ਕਾਂਗਰਸ ਵੱਲੋਂ ਬਠਿੰਡਾ 'ਚ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਕੌਂਸਲਰ ਜਗਰੂਪ ਗਿੱਲ ਅਤੇ ਪਾਰਟੀ ਦੇ ਹੋਰ ਵਰਕਰ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਕਿਸੇ ਫ਼ੰਡ ਦੀ ਕਮੀ ਨਹੀਂ ਕੀਤੀ ਗਈ ਪਰ ਅਕਾਲੀ ਦਲ ਦੇ ਮੇਅਰ ਦੀ ਕੰਮ ਨਾ ਕਰਨ ਦੀ ਨੀਅਤ ਕਾਰਨ ਹੁਣ ਬਠਿੰਡਾ ਦੀ ਇਹ ਸਥਿਤੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਸਮੇਂ-ਸਮੇਂ 'ਤੇ ਲੋੜੀਂਦੇ ਫ਼ੰਡ ਜਾਰੀ ਕੀਤੇ ਹਨ ਅਤੇ ਕਾਰਪੋਰੇਸ਼ਨ ਕੋਲ 30 ਕਰੋੜ ਦਾ ਫੰਡ ਪਿਆ ਹੈ। ਕੌਂਸਲਰ ਜਗਰੂਪ ਗਿੱਲ ਨੇ ਕਿਹਾ ਕਿ ਅਸੀਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਬਠਿੰਡਾ ਵਾਸੀਆਂ ਦੇ ਹੋਏ ਨੁਕਸਾਨ ਦੇ ਖ਼ਾਮਿਆਜ਼ੇ ਲਈ ਪੱਤਰ ਦੇ ਦਿੱਤਾ ਹੈ। ਕਾਂਗਰਸ ਸਰਕਾਰ ਨੂੰ ਆਇਆਂ ਥੋੜਾ ਸਮਾਂ ਹੋਇਆ ਹੈ ਪਰ ਅਕਾਲੀ ਸਰਕਾਰ ਨੇ 10 ਸਾਲ ਦੇ ਰਾਜ 'ਚ ਇਸ ਲਈ ਕੁੱਝ ਵੀ ਨਹੀਂ ਕੀਤਾ।
ਵੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਦੋਵੇਂ ਰਿਵਾਇਤੀ ਪਾਰਟੀਆਂ ਇਕ ਦੂਜੇ 'ਤੇ ਇਲਜ਼ਾਮ ਲਗਾ ਰਹੀਆਂ ਹਨ ਪਰ ਲੋਕਾਂ ਦੀ ਸਾਰ ਲੈਣ ਅਤੇ ਉਨ੍ਹਾਂ ਦੀਆਂ ਸਮੱਸਿਆਂਵਾਂ ਨੂੰ ਕੋਈ ਵੀ ਸਮਝਣ ਲਈ ਤਿਆਰ ਨਹੀਂ ਹੈ।